
ਕੋਰੋਨਾ ਪਾਜ਼ੇਟਿਵ ਦਾਦਾ-ਦਾਦੀ ਨੇ ਪੋਤੇ ਨੂੰ ਲਾਗ ਤੋਂ ਬਚਾਉਣ ਲਈ ਰੇਲ ਅੱਗੇ ਮਾਰੀ ਛਾਲ, ਮੌਤ (ਸੰਕੇਤਕ ਫੋਟੋ)
ਰਾਜਸਥਾਨ ਦੇ ਕੋਟਾ ਵਿਚ ਇੱਕ ਕੋਰੋਨਾ ਪਾਜ਼ੇਟਿਵ ਬਜ਼ੁਰਗ ਜੋੜੇ ਨੇ ਰੇਲ ਗੱਡੀ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੇ ਪੋਤੇ ਨੂੰ ਵੀ ਇਹ ਲਾਗ ਲੱਗ ਜਾਵੇਗੀ। ਘਟਨਾ ਦੀ ਸੂਚਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਫੈਲ ਗਿਆ।
ਡਿਪਟੀ ਸੁਪਰਡੈਂਟ ਆਫ ਪੁਲਿਸ ਭਾਗਵਤ ਸਿੰਘ ਹਿੰਗੜ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਵਾਪਰੀ। ਹੀਰਾ ਲਾਲ ਬੈਰਵਾ (75) ਅਤੇ ਉਸ ਦੀ ਪਤਨੀ ਸ਼ਾਂਤੀ ਬੈਰਵਾ (75), ਜੋ ਇੱਥੇ ਰੇਲਵੇ ਕਲੋਨੀ ਖੇਤਰ ਵਿੱਚ ਪੁਰੋਹਿਤ ਜੀ ਦੀ ਟੱਪਰੀ ਵਿੱਚ ਰਹਿੰਦੇ ਹਨ, ਇੱਕ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਏ ਸਨ। ਇਸ ਕਾਰਨ ਉਹ ਦੋਵੇਂ ਤਣਾਅ ਵਿੱਚ ਸਨ। ਉਨ੍ਹਾਂ ਨੂੰ ਘਰ ਵਿੱਚ ਕੁਆਰਨਟਾਈਨ ਕੀਤਾ ਗਿਆ ਸੀ। ਪਰ ਦੋਵੇਂ ਚਿੰਤਤ ਸਨ ਕਿ ਉਨ੍ਹਾਂ ਦੇ ਪੋਤੇ ਰੋਹਿਤ ਨੂੰ ਉਨ੍ਹਾਂ ਤੋਂ ਲਾਗ ਦਾ ਖਤਰਾ ਹੋਵੇਗਾ।
ਦੋਵੇਂ ਐਤਵਾਰ ਨੂੰ ਪਰਿਵਾਰ ਨੂੰ ਦੱਸੇ ਬਿਨਾਂ ਘਰ ਤੋਂ ਬਾਹਰ ਚਲੇ ਗਏ। ਬਾਅਦ ਵਿੱਚ ਉਹ ਕੋਟਾ ਤੋਂ ਦਿੱਲੀ ਜਾਣ ਵਾਲੇ ਟਰੈਕ 'ਤੇ ਪਹੁੰਚੇ ਅਤੇ ਰੇਲ ਗੱਡੀ ਦੇ ਸਾਹਮਣੇ ਛਾਲ ਮਾਰ ਦਿੱਤੀ। ਦੋਵਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ਉਤੇ ਰੇਲਵੇ ਕਲੋਨੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜੋੜੇ ਦੀਆਂ ਲਾਸ਼ਾਂ ਚੁੱਕ ਕੇ ਐਮਬੀਐਸ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀਆਂ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋੜੇ ਨੇ 8 ਸਾਲ ਪਹਿਲਾਂ ਆਪਣੇ ਜਵਾਨ ਬੇਟੇ ਨੂੰ ਗੁਆ ਦਿੱਤਾ ਸੀ। ਇਸ ਤੋਂ ਬਾਅਦ ਉਹ ਹੁਣ ਪੋਤੇ-ਪੋਤੀਆਂ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੋਟਾ ਰਾਜਸਥਾਨ ਦੇ ਸਭ ਤੋਂ ਲਾਗ ਗ੍ਰਸਤ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਕੋਰੋਨਾ ਦੀ ਸਥਿਤੀ ਬਹੁਤ ਖਤਰਨਾਕ ਹੋ ਗਈ ਹੈ। ਕੋਟਾ ਵਿੱਚ ਪਹਿਲੀ ਲਹਿਰ ਤੋਂ ਬਾਅਦ ਲਗਭਗ 600 ਪੁਲਿਸ ਮੁਲਾਜ਼ਮ ਅਤੇ ਪੁਲਿਸ ਅਧਿਕਾਰੀ ਵੀ ਕੋਰੋਨਾ ਲਾਗ ਤੋਂ ਪ੍ਰਭਾਵਿਤ ਹੋਏ ਹਨ। ਸ਼ਹਿਰ ਦੇ ਹਸਪਤਾਲ ਕੋਰੋਨਾ ਪੀੜਤਾਂ ਨਾਲ ਭਰੇ ਹੋਏ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।