Gujarat Election Result 2022: ਅਸੀਂ ਨਿਮਰਤਾ ਨਾਲ ਗੁਜਰਾਤ ਦੇ ਫਤਵੇ ਨੂੰ ਸਵੀਕਾਰ ਕਰਦੇ ਹਾਂ: ਸੀਐਮ ਭੂਪੇਂਦਰ ਪਟੇਲ
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਬੜ੍ਹਤ 'ਤੇ ਕਿਹਾ ਕਿ 'ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਜਿੱਤ ਹੈ ਅਤੇ ਅਸੀਂ ਨਿਮਰਤਾ ਨਾਲ ਫਤਵਾ ਸਵੀਕਾਰ ਕਰਦੇ ਹਾਂ। ਜਨਤਾ ਦਾ ਭਰੋਸਾ ਕਾਇਮ ਰੱਖਣਾ ਹੋਵੇਗਾ। ਸਾਡਾ ਟੀਚਾ ਲੋਕ ਭਲਾਈ ਹੈ।
Gujarat-Assembly Election Results 2022
ਗੁਜਰਾਤ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੇ ਇਤਿਹਾਸਕ ਰਿਕਾਰਡ ਬਣਾਇਆ ਹੈ। 62 ਸਾਲ ਬਾਅਦ ਭਾਜਪਾ ਨੇ 157 ਸੀਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਇਸ ਸਮੇਂ ਭਾਜਪਾ ਵਰਕਰਾਂ ਵਿੱਚ ਖੂਬ ਜਸ਼ਨ ਮਨਾਇਆ ਜਾ ਰਿਹਾ ਹੈ।
ਅੱਜ ਸ਼ਾਮ 6 ਵਜੇ ਭਾਜਪਾ ਹੈੱਡਕੁਆਰਟਰ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਆਉਣ ਵਾਲੇ ਰੁਝਾਨਾਂ ਅਤੇ ਨਤੀਜਿਆਂ ਤੋਂ ਬਾਅਦ ਭਾਜਪਾ ਨੂੰ ਜਿੱਤ ਦਾ ਭਰੋਸਾ ਹੈ। ਹਾਲਾਂਕਿ ਭਾਜਪਾ ਹਿਮਾਚਲ ਦੇ ਰੁਝਾਨਾਂ 'ਚ ਅਜੇ ਤੱਕ ਬਹੁਮਤ ਦੇ ਅੰਕੜੇ ਨੂੰ ਛੂਹਣ 'ਚ ਕਾਮਯਾਬ ਨਹੀਂ ਹੋ ਸਕੀ ਹੈ ਪਰ ਪਾਰਟੀ ਅੰਤਿਮ ਨਤੀਜਿਆਂ ਤੋਂ ਬਾਅਦ ਇਨ੍ਹਾਂ ਸਾਰਿਆਂ 'ਤੇ ਬ੍ਰੇਨਸਟਾਰਮ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਭਾਜਪਾ ਹੈੱਡਕੁਆਰਟਰ ਜਾਣਗੇ।ਜਿੱਥੇ ਉਹ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਵੀ ਕਰ ਸਕਦੇ ਹਨ।
ਭਾਜਪਾ ਗੁਜਰਾਤ ਵਿੱਚ ਤੋੜ ਸਕਦੀ ਹੈ ਸਾਰੇ ਰਿਕਾਰਡ!
ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਸਾਰੇ ਪੁਰਾਣੇ ਰਿਕਾਰਡ ਨੂੰ ਤੋੜ ਸਕਦੀ ਹੈ।ਸਾਰੀਆਂ ਏਜੰਸੀਆਂ ਦੇ ਐਗਜ਼ਿਟ ਪੋਲ ਇੱਕ ਆਵਾਜ਼ ਵਿੱਚ ਭਾਜਪਾ ਦੀ ਬੰਪਰ ਜਿੱਤ ਦੀ ਭਵਿੱਖਬਾਣੀ ਕਰ ਰਹੀਆਂ ਹਨ। ਹਾਲਾਂਕਿ ਗੁਜਰਾਤ 'ਚ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਮੈਦਾਨ 'ਚ ਸਨ ਅਤੇ ਐਗਜ਼ਿਟ ਪੋਲ ਦੇ ਵਿੱਚ ਕੁਝ ਥਾਵਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਲੈ ਕੇ ਐਗਜ਼ਿਟ ਪੋਲ 'ਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਕਾਂਗਰਸ ਦੇ ਲਈ ਸਭ ਤੋਂ ਖਰਾਬ ਸਾਬਤ ਹੋ ਸਕਦੇ ਹਨ।
ਗੁਜਰਾਤ ਦੇ ਚੋਣ ਨਤੀਜਿਆਂ ਵਿੱਚ ਭਾਜਪਾ ਦੀ ਵੱਡੀ ਜਿੱਤ ਦਾ ਅੰਦਾਜ਼ਾ
ਦਰਅਸਲ ਗੁਜਰਾਤ 'ਚ ਬਹੁਮਤ ਲਈ 92 ਸੀਟਾਂ ਜਿੱਤਣਾ ਜ਼ਰੂਰੀ ਹੈ ਕਿਉਂਕਿ ਗੁਜਰਾਤ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ਹਨ ਅਤੇ ਐਗਜ਼ਿਟ ਪੋਲ 'ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ 131 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਦੂਜੇ ਪਾਸੇ ਏਜੰਸੀਆਂ ਦਾ ਅੰਦਾਜ਼ਾ ਹੈ ਕਿ ਲੋਕਾਂ ਦੀ ਰਾਏ ਮੁਤਾਬਕ ਭਾਜਪਾ 117 ਤੋਂ 140, ਕਾਂਗਰਸ 34 ਤੋਂ 51, ਆਪ 6 ਤੋਂ 13 ਅਤੇ ਹੋਰ 1 ਜਾਂ 2 ਸਥਾਨਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਪੀ-ਮਾਰਕ ਦੇ ਮੁਤਾਬਕ ਭਾਜਪਾ ਨੂੰ 128 ਤੋਂ 148 ਸੀਟਾਂ, ਕਾਂਗਰਸ ਨੂੰ 30 ਤੋਂ 42, 'ਆਪ' ਨੂੰ 2 ਤੋਂ 10 ਜਦਕਿ ਹੋਰਨਾਂ ਨੂੰ 0 ਤੋਂ 3 ਸੀਟਾਂ ਮਿਲਣ ਦੀ ਉਮੀਦ ਹੈ। ਜਦੋਂ ਕਿ TV 9 ਗੁਜਰਾਤੀ ਨੇ ਭਾਜਪਾ ਨੂੰ 125 ਤੋਂ 130 ਸੀਟਾਂ, ਕਾਂਗਰਸ ਨੂੰ 40 ਤੋਂ 50 ਸੀਟਾਂ, 'ਆਪ' ਨੂੰ 3 ਤੋਂ 5 ਸੀਟਾਂ ਅਤੇ ਹੋਰਨਾਂ ਨੂੰ 3 ਤੋਂ 7 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਹੈ।
2017 ਦੇ ਗੁਜਰਾਤ ਵਿਧਾਨਸਭਾ ਚੋਣਾਂ ਨਤੀਜੇ
ਹਾਲਾਂਕਿ ਜੇ ਗੱਲ 2017 ਵਿੱਚ ਹੋਈਆਂ ਗੁਜਰਾਤ ਵਿਧਾਨਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਸਾਲ 2017 ਵਿੱਚ ਗੁਜਰਾਤ ਚੋਣਾਂ ਦੋ ਪੜਾਵਾਂ ਵਿੱਚ ਹੋਈਆਂ ਸਨ। ਇਸ ਚੋਣ ਵਿੱਚ ਭਾਜਪਾ ਨੂੰ 99, ਕਾਂਗਰਸ ਨੂੰ 77 ਅਤੇ ਬਾਕੀ ਪਾਰਟੀਆਂ ਨੂੰ 6 ਸੀਟਾਂ ਦੇ ਉੱਪਰ ਜਿੱਤ ਹਾਸਲ ਹੋਈ ਸੀ। ਇਸ ਦੌਰਾਨ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਦੀ ਗੱਲ ਕਰੀਏ ਤਾਂ 2017 ਦੀਆਂ ਗੁਜਰਾਤ ਚੋਣਾਂ ਵਿੱਚ ਇਸ ਨੂੰ 49.05% ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਇਸ ਚੋਣ ਵਿੱਚ ਕਾਂਗਰਸ ਨੂੰ 41.44% ਵੋਟਾਂ ਮਿਲੀਆਂ।
ਹੁਣ ਦੇਸ਼ ਭਰ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਗੁਜਰਾਤ ਵਿਧਾਨਸਭਾ ਦੇ ਚੋਣ ਨਤੀਜਿਆਂ ਉੱਪਰ ਟਿਕੀਆਂ ਹੋਈਆਂ ਹਨ।ਹਰ ਕੋਈ ਇਹ ਜਾਨਣ ਦੇ ਲਈ ਉਤਸੁਕ ਹੈ ਕਿ ਗੁਜਰਾਤ ਵਿੱਚ ਕਿਸ ਪਾਰਟੀ ਦੀ ਸਰਕਾਰ ਸੱਤਾ ਦੇ ਉੱਪਰ ਕਾਬਜ਼ ਹੁੰਦੀ ਹੈ?