ਫੌਜ ਵਿੱਚ ਭਰਤੀ ਲਈ ਕੇਂਦਰ ਦੀ 'ਅਗਨੀਪਥ' ਯੋਜਨਾ ਦੇ ਖਿਲਾਫ ਪੂਰੇ ਮੁਲਕ ਵਿਚ ਰੋਹ ਫੈਲ ਗਿਆ ਹੈ। ਯੂਪੀ ਸਣੇ ਵੱਡੀ ਗਿਣਤੀ ਸੂੂੂਬਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਇਸ ਦੌਰਾਨ ਗੁੱਸੇ 'ਚ ਆਏ ਨੌਜਵਾਨਾਂ ਨੇ ਯੂਪੀ ਵਿਚ ਕਈ ਥਾਵਾਂ 'ਤੇ ਰੇਲ ਗੱਡੀਆਂ ਦੀ ਭੰਨਤੋੜ ਕੀਤੀ, ਜਦਕਿ ਕਈ ਥਾਵਾਂ 'ਤੇ ਨਿੱਜੀ, ਸਰਕਾਰੀ ਵਾਹਨਾਂ ਨੂੰ ਅੱਗ ਹਵਾਲੇ ਕਰ ਕੇ ਹਾਈਵੇ ਜਾਮ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਯੂਪੀ ਪੁਲਿਸ ਨੇ ਅਗਨੀਪਥ ਯੋਜਨਾ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 260 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬਲੀਆ ਤੋਂ ਬਾਅਦ ਅਯੁੱਧਿਆ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਥਲ ਸੈਨਾ ਮੁਖੀ ਮਨੋਜ ਪਾਂਡੇ ਵੱਲੋਂ ਭਰਤੀ ਸਕੀਮ ਨੂੰ ਲੈ ਕੇ ਦਿੱਤੇ ਭਰੋਸਿਆਂ ਨੂੰ ਦਰਕਿਨਾਰ ਕਰਕੇ ਨੌਜਵਾਨਾਂ ਨੇ ਹੱਥਾਂ ’ਚ ਡਾਂਗਾਂ ਤੇ ਪੱਥਰ ਲੈ ਕੇ ਸ਼ਹਿਰ ਤੇ ਛੋਟੇ ਕਸਬਿਆਂ ਵਿੱਚ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਤੇ ਕੌਮੀ ਮਾਰਗਾਂ ’ਤੇ ਆਵਾਜਾਈ ਠੱਪ ਕੀਤੀ।
ਬਿਹਾਰ ਤੇ ਯੂਪੀ ਵਿਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਬਿਹਾਰ, ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਸਣੇ ਵੱਖ ਵੱਖ ਥਾਈਂ ਸੱਤ ਰੇਲ ਗੱਡੀਆਂ ਫੂਕ ਦਿੱਤੀਆਂ। ਹਜੂਮ ਨੇ ਸਰਕਾਰੀ ਤੇ ਨਿੱਜੀ ਜਾਇਦਾਦਾਂ ਦੀ ਵੀ ਭੰਨਤੋੜ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਵਿੱਚ ਵੀ ਲੋਕਾਂ ਨੇ ਸਰਕਾਰੀ ਬੱਸਾਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਹਿੰਸਕ ਪ੍ਰਦਰਸ਼ਨਾਂ ਕਰਕੇ ਘੱਟੋ-ਘੱਟ 300 ਰੇਲ ਗੱਡੀਆਂ ਦੀ ਆਵਾਜਾਈ ਅਸਰਅੰਦਾਜ਼ ਹੋਈ ਤੇ 200 ਤੋਂ ਵੱਧ ਗੱਡੀਆਂ ਨੂੰ ਰੱਦ ਕਰਨਾ ਪਿਆ।
ਮੱਧ ਪ੍ਰਦੇਸ਼ ਦੀ ਰਾਜਧਾਨੀ ਇੰਦੌਰ, ਹਰਿਆਣਾ ਦੇ ਨਰਵਾਨਾ, ਹਿਸਾਰ, ਫ਼ਤਿਆਬਾਦ ਤੇ ਝੱਜਰ ਅਤੇ ਪੱਛਮੀ ਬੰਗਾਲ ਤੇ ਝਾਰਖੰਡ ਵਿੱਚ ਵੀ ਕਈ ਥਾਈਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਹੋਈ ਹਿੰਸਾ ਲਈ 1000 ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰ ਸਰਕਾਰ ਨੂੰ ਅਗਨੀਪਥ ਸਕੀਮ ’ਤੇ ਫੌਰੀ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ।
ਉੱਤਰ ਪ੍ਰਦੇਸ਼ ਤੋਂ ਤਿਲੰਗਾਨਾ ਅਤੇ ਬਿਹਾਰ ਤੋਂ ਮੱਧ ਪ੍ਰਦੇਸ਼ ਤੱਕ ਦੇਸ਼ ਦੇ ਇਕ ਵੱਡੇ ਹਿੱਸੇ ਵਿੱਚ ਰੋਹ ਵਿੱਚ ਆਏ ਹਜੂਮ ਨੇ ਪੱਥਰਬਾਜ਼ੀ ਕਰਕੇ ਕਰੋੜਾਂ ਰੁਪਏ ਦੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਮੁਜ਼ਾਹਰਾਕਾਰੀਆਂ ਨੇ ਬਿਹਾਰ ਵਿੱਚ ਦੋ ਅਤੇ ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਇਕ ਇਕ ਰੇਲ ਗੱਡੀ ਨੂੰ ਅੱਗ ਲਾ ਦਿੱਤੀ।
ਬਿਹਾਰ ਵਿਚ ਫੌਜ ’ਚ ਭਰਤੀ ਹੋਣ ਦੇ ਚਾਹਵਾਨਾਂ ਨੇ ਲਖੀਸਰਾਏ ਵਿੱਚ ਨਵੀਂ ਦਿੱਲੀ-ਭਾਗਲਪੁਰ ਵਿਕਰਮਸ਼ਿਲਾ ਐਕਸਪ੍ਰੈੱਸ ਅਤੇ ਸਮਸਤੀਪੁਰ ਵਿੱਚ ਨਵੀਂ ਦਿੱਲੀ-ਦਰਭੰਗਾ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਗੱਡੀਆਂ ਦੀਆਂ ਬੋਗੀਆਂ ਨੂੰ ਅੱਗ ਲਾ ਕੇ ਫੂਕ ਦਿੱਤਾ। ਲਖੀਸਰਾਏ ਸਟੇਸ਼ਨ ਉੱਤੇ ਲੋਕ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਲਈ ਪਟੜੀਆਂ ’ਤੇ ਲੇਟ ਗਏ, ਜਿਨ੍ਹਾਂ ਨੂੰ ਰੇਲਵੇ ਤੇ ਸਥਾਨਕ ਪੁਲੀਸ ਨੇ ਉਥੋਂ ਖਿੰਡਾਇਆ। ਪ੍ਰਦਰਸ਼ਨਕਾਰੀਆਂ ਨੇ ਬਕਸਰ, ਭਾਗਲਪੁਰ ਤੇ ਸਮਸਤੀਪੁਰ ਵਿੱਚ ਕਈ ਥਾਈਂ ਟਾਇਰਾਂ ਨੂੰ ਅੱਗ ਲਾ ਕੇ ਕੌਮੀ ਮਾਰਗਾਂ ’ਤੇ ਆਵਾਜਾਈ ਠੱਪ ਕੀਤੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agnipath, Protest, Protest march