ਹਰਿਆਣਾ ਸਰਕਾਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕਰਨ ਵਾਸਤੇ ਉਨਾਂ ਦੇ ਮੁੱਖ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਵਿਖੇ ਦੇਰ ਸ਼ਾਮ ਨਾਲ ਪੁੱਜੇ ਅਤੇ 2 ਘੰਟੇ ਬੰਦ ਕਮਰਾ ਜਥੇਦਾਰ ਦਾਦੂਵਾਲ ਨਾਲ ਮੁਲਾਕਾਤ ਕੀਤੀ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਜਥੇਦਾਰ ਦਾਦੂਵਾਲ ਨੇ ਇਸ ਗਲ ਦੀ ਪੁਸ਼ਟੀ ਕਰਦਿਆਂ ਕਿਹਾ ਗੁਰੂ ਘਰ ਸਭ ਦੇ ਸਾਂਝੇ ਹੁੰਦੇ ਹਨ ਅਤੇ ਇਥੇ ਕੋਈ ਵੀ ਆ ਸਕਦਾ ਹੈ ਕਿਸੇ ਦੇ ਆਉਣ ਦੀ ਮਨਾਹੀ ਨਹੀਂ ਹੈ।
ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਉਨਾਂ ਦੇ ਪਾਸ ਪੁੱਜੇ ਸਨ ।ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮਹੰਤ ਕਰਮਜੀਤ ਸਿੰਘ ਅਤੇ ਜਰਨਲ ਸਕੱਤਰ ਧਮੀਜਾ ਨੇ ਹਰਿਆਣਾ ਕਮੇਟੀ ਦੇ ਪ੍ਰਬੰਧਾਂ ਨੂੰ ਸੁਚੱਜਾ ਚਲਾਉਣ ਵਾਸਤੇ ਉਨਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ ਸੀ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਲਿਆਉਣ ਅਤੇ ਕਨੂੰਨੀ ਮਾਨਤਾ ਪ੍ਰਾਪਤ ਕਰਨ ਲਈ ਸਾਨੂੰ ਬਹੁਤ ਜੱਦੋ-ਜਹਿਦ ਕਰਨੀ ਪਈ ਪੰਜਾਬ ਦੀ ਬਾਦਲ ਸਰਕਾਰ ਦੇ ਝੂਠੇ ਮੁਕੱਦਮੇ ਵੀ ਝੱਲਣੇ ਪਏ ਤੇ ਜੇਲ ਯਾਤਰਾ ਵੀ ਕਰਨੀ ਪਈ ਜਿਸ ਸੰਸਥਾ ਨੂੰ ਬਣਾਉਣ ਵਾਸਤੇ ਹਰਿਆਣਾ ਦੇ ਸਿੱਖਾਂ ਨੂੰ ਸਾਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਸੰਸਥਾ ਨੂੰ ਬਰਬਾਦ ਹੁੰਦਾ ਉਹ ਨਹੀਂ ਵੇਖ ਸਕਦੇ। ਉਸਦੀ ਚੜਦੀਕਲਾ ਲਈ ਉਹ ਆਪਣੇ ਸਾਥੀਆਂ ਹਰਿਆਣਾ ਕਮੇਟੀ ਦੇ ਨਵੇਂ ਅਤੇ ਪੁਰਾਣੇ ਮੈਂਬਰ ਸਾਹਿਬਾਨਾਂ ਦੀ ਸਲਾਹ ਨਾਲ ਯਤਨਸ਼ੀਲ ਰਹਿਣਗੇ।
ਸੰਸਥਾਵਾਂ ਦੇ ਪਰਬੰਧਕ ਤਾਂ ਬਦਲਦੇ ਰਹਿੰਦੇ ਹਨ ਪਰ ਚੰਗੀ ਸੰਸਥਾ ਦਾ ਕਾਇਮ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ ਅਖੀਰ ਦਾਦੂਵਾਲ ਜੀ ਨੇ ਕਿਹਾ ਕੇ ਹਰਿਆਣਾ ਕਮੇਟੀ ਦੇ ਨਵੇਂ ਅਤੇ ਪੁਰਾਣੇ ਮੈਂਬਰ ਸਾਹਿਬਾਨਾਂ ਨਾਲ ਸਲਾਹ-ਮਸ਼ਵਰਾ ਕਰਕੇ ਹਰਿਆਣਾ ਕਮੇਟੀ ਦੀ ਚੜਦੀਕਲਾ ਵਾਸਤੇ ਅਗਲੀ ਰਣਨੀਤੀ ਜਲਦੀ ਉਲੀਕੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।