ਨਵੀਂ ਦਿੱਲੀ ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿਚ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ 10 ‘ਐਲਡਰਮੈਨਾਂ’ (ਨਾਮਜ਼ਦ ਕੌਂਸਲਰ) ਦੀ ਨਿਯੁਕਤੀ ਕਾਰਨ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਰਮਿਆਨ ਟਕਰਾਅ ਹੋ ਗਿਆ।
ਇਸ ਕਾਰਨ ਅੱਜ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਹੋ ਗਈ। ਮੀਟਿੰਗ ਦੀ ਸ਼ੁਰੂਆਤ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲਈ ਪ੍ਰੀਜ਼ਾਈਡਿੰਗ ਅਫਸਰ ਵਜੋਂ ਭਾਜਪਾ ਦੇ ਕਾਰਪੋਰੇਟਰ ਸੱਤਿਆ ਸ਼ਰਮਾ ਨੂੰ ਸਹੁੰ ਚੁਕਾਉਣ ਨਾਲ ਹੋਈ।
ਸ੍ਰੀ ਸ਼ਰਮਾ ਵੱਲੋਂ 'ਐਲਡਰਮੈਨ' ਮਨੋਜ ਕੁਮਾਰ ਨੂੰ ਸਹੁੰ ਚੁੱਕਣ ਲਈ ਬੁਲਾਏ ਜਾਣ 'ਤੇ 'ਆਪ' ਵਿਧਾਇਕਾਂ ਤੇ ਕਾਰਪੋਰੇਟਰਾਂ ਨੇ ਵਿਰੋਧ ਕੀਤਾ। ਕਈ ਵਿਧਾਇਕ ਅਤੇ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿਚੋਂ ਬਾਹਰ ਆ ਗਏ।
ਇਸ ਤੋਂ ਬਾਅਦ ਭਾਜਪਾ ਕਾਰਪੋਰੇਟਰਾਂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ‘ਆਪ’ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਨੇ ਦੋਸ਼ ਲਾਇਆ ਕਿ ਸ੍ਰੀ ਸਕਸੈਨਾ ਨੇ ਭਾਜਪਾ ਆਗੂਆਂ ਨੂੰ ‘ਐਲਡਰਮੈਨਾਂ’ ਵਜੋਂ ਨਿਯੁਕਤ ਕੀਤਾ ਹੈ, ਜਿਨ੍ਹਾਂ ਨੂੰ ਨਾਗਰਿਕ ਮੁੱਦਿਆਂ ਬਾਰੇ ਜਾਣਕਾਰੀ ਹੀ ਨਹੀਂ।
'ਆਪ' ਕੌਂਸਲਰਾਂ ਵੱਲੋਂ ਪ੍ਰਧਾਨਗੀ ਅਧਿਕਾਰੀ ਦੇ ਮੇਜ਼ ਸਮੇਤ ਹੋਰ ਟੇਬਲਾਂ 'ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਦੌਰਾਨ ਸਹੁੰ ਚੁਕਾਉਣ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ। ਭਾਜਪਾ ਦੇ ਕੌਂਸਲਰ ਵੀ ਮੇਜ਼ ਦੁਆਲੇ ਇਕੱਠੇ ਹੋ ਗਏ। ਇਸ ਦੌਰਾਨ ਉਨ੍ਹਾਂ ਅਤੇ 'ਆਪ' ਕੌਂਸਲਰਾਂ ਵਿਚਾਲੇ ਜ਼ੁਬਾਨੀ ਜੰਗ ਵੀ ਦੇਖਣ ਨੂੰ ਮਿਲੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, Ajab Gajab, Ajab Gajab News, BJP, BJP Protest, Chaap, Mayor