ਨਵੀਂ ਦਿੱਲੀ- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਦਾਅਵਾ ਕੀਤਾ ਹੈ ਕਿ ਮੋਬਾਈਲ ਕੰਪਨੀ ਓਪੋ ਇੰਡੀਆ ਨੇ 4389 ਕਰੋੜ ਰੁਪਏ ਦਾ ਟੈਕਸ ਚੋਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ Oppo ਚੀਨ ਦੀ ਮੋਬਾਈਲ ਕੰਪਨੀ ਹੈ। ਇਸ ਸਾਲ ਮਈ 'ਚ ਈਡੀ ਨੇ ਓਪੋ ਦੇ ਕਈ ਦਫਤਰਾਂ 'ਤੇ ਛਾਪੇਮਾਰੀ ਕੀਤੀ ਸੀ। ਅਪ੍ਰੈਲ ਦੇ ਮਹੀਨੇ ਵਿੱਚ, ਮੋਬਾਈਲ ਫੋਨ ਰਿਟੇਲਰਾਂ ਦੀ ਇੱਕ ਐਸੋਸੀਏਸ਼ਨ ਨੇ ਚੀਨੀ ਸਮਾਰਟਫੋਨ ਨਿਰਮਾਤਾ ਓਪੋ 'ਤੇ ਔਨਲਾਈਨ ਫੋਰਮਾਂ 'ਤੇ "ਆਪਣੇ ਉਤਪਾਦ ਨੂੰ ਸੀਮਿਤ ਕਰਕੇ ਅਨੁਚਿਤ ਵਪਾਰਕ ਅਭਿਆਸਾਂ" ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।
ਇੱਕ ਬਿਆਨ ਜਾਰੀ ਕਰਦਿਆਂ ਡੀਆਰਆਈ ਨੇ ਕਿਹਾ, "ਜਾਂਚ ਦੇ ਦੌਰਾਨ, ਡੀਆਰਆਈ ਦੁਆਰਾ ਓਪੋ ਇੰਡੀਆ ਦੇ ਦਫਤਰ ਦੇ ਅਹਾਤੇ ਅਤੇ ਇਸਦੇ ਮੁੱਖ ਪ੍ਰਬੰਧਨ ਸਟਾਫ ਦੇ ਘਰਾਂ ਦੀ ਤਲਾਸ਼ੀ ਲਈ ਗਈ, ਜਿਸ ਦੇ ਨਤੀਜੇ ਵਜੋਂ ਓਪੋ ਇੰਡੀਆ ਦੁਆਰਾ ਵਰਤੋਂ ਲਈ ਆਯਾਤ ਕੀਤੀਆਂ ਗਈਆਂ ਕੁਝ ਚੀਜ਼ਾਂ ਦੇ ਵੇਰਵਿਆਂ ਵਿੱਚ ਜਾਣਬੁੱਝ ਕੇ ਗਲਤ ਘੋਸ਼ਣਾ ਨੂੰ ਦਰਸਾਉਣ ਵਾਲੇ ਸਬੂਤ ਮਿਲੇ ਹਨ। ਡੀਆਰਆਈ ਦੇ ਅਨੁਸਾਰ, ਓਪੋ ਇੰਡੀਆ ਦੇ ਸੀਨੀਅਰ ਪ੍ਰਬੰਧਨ ਕਰਮਚਾਰੀਆਂ ਅਤੇ ਘਰੇਲੂ ਸਪਲਾਇਰਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਇਨ੍ਹਾਂ ਸਾਰਿਆਂ ਨੇ ਮੰਨਿਆ ਹੈ ਕਿ ਕੰਪਨੀ ਨੇ ਟੈਕਸ ਸਬੰਧੀ ਗਲਤ ਜਾਣਕਾਰੀ ਦਿੱਤੀ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਓਪੋ ਇੰਡੀਆ ਨੇ ਮਲਕੀਅਤ ਤਕਨਾਲੋਜੀ, ਬ੍ਰਾਂਡ ਅਤੇ ਬੌਧਿਕ ਸੰਪੱਤੀ ਅਧਿਕਾਰ (IPR) ਲਾਇਸੈਂਸਾਂ ਦੀ ਵਰਤੋਂ ਦੇ ਬਦਲੇ ਚੀਨ ਸਥਿਤ ਵੱਖ-ਵੱਖ ਬਹੁ-ਰਾਸ਼ਟਰੀ ਕੰਪਨੀਆਂ ਨੂੰ ਰਾਇਲਟੀ ਅਤੇ ਲਾਇਸੈਂਸ ਫੀਸ ਦੇ ਭੁਗਤਾਨ ਰਾਹੀਂ ਪੈਸੇ ਦਿੱਤੇ ਹਨ। ਡੀਆਰਆਈ ਦੇ ਅਨੁਸਾਰ, ਓਪੋ ਇੰਡੀਆ ਦੁਆਰਾ ਅਦਾ ਕੀਤੀ 'ਰਾਇਲਟੀ' ਅਤੇ 'ਲਾਇਸੈਂਸ ਫੀਸ' ਨੂੰ ਉਨ੍ਹਾਂ ਦੁਆਰਾ ਦਰਾਮਦ ਕੀਤੇ ਗਏ ਸਮਾਨ ਦੇ ਲੈਣ-ਦੇਣ ਮੁੱਲ ਵਿੱਚ ਨਹੀਂ ਜੋੜਿਆ ਜਾ ਰਿਹਾ ਸੀ।
ਦੱਸ ਦੇਈਏ ਕਿ ਓਪੋ, ਵੀਵੋ ਅਤੇ ਵਨ ਪਲੱਸ ਸਮਾਰਟਫ਼ੋਨ ਇੱਕੋ ਕੰਪਨੀ ਦੁਆਰਾ ਵੱਖ-ਵੱਖ ਬ੍ਰਾਂਡ ਨਾਮਾਂ ਨਾਲ ਤਿਆਰ ਕੀਤੇ ਜਾਂਦੇ ਹਨ। ਇਹ ਕੰਪਨੀ ਚੀਨ ਦੀ ਮਲਟੀਨੈਸ਼ਨਲ ਕੰਪਨੀ BBK ਇਲੈਕਟ੍ਰਾਨਿਕਸ ਹੈ। ਹਾਲ ਹੀ 'ਚ ਈਡੀ ਨੇ ਵੀਵੋ ਦੇ ਦਫਤਰ 'ਤੇ ਛਾਪਾ ਮਾਰਿਆ ਸੀ। ਵੀਵੋ 'ਤੇ ਟੈਕਸ ਚੋਰੀ ਦਾ ਦੋਸ਼ ਵੀ ਲੱਗਾ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਦੀ ਭਾਰਤੀ ਸ਼ਾਖਾ ਨੇ ਇੱਥੇ ਟੈਕਸ ਦੇਣਦਾਰੀ ਤੋਂ ਬਚਣ ਲਈ ਆਪਣੇ ਕੁੱਲ ਕਾਰੋਬਾਰ ਦਾ ਲਗਭਗ 50 ਫੀਸਦੀ ਭਾਵ 62,476 ਕਰੋੜ ਰੁਪਏ ਵਿਦੇਸ਼ ਭੇਜ ਦਿੱਤੇ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਵੀਵੋ ਇੰਡੀਆ ਨੇ ਭਾਰਤ ਵਿੱਚ ਟੈਕਸ ਅਦਾ ਕਰਨ ਤੋਂ ਬਚਣ ਲਈ ਆਪਣੀ ਆਮਦਨ ਦਾ ਵੱਡਾ ਹਿੱਸਾ ਚੀਨ ਅਤੇ ਕੁਝ ਹੋਰ ਦੇਸ਼ਾਂ ਨੂੰ ਭੇਜਿਆ ਹੈ। ਵਿਦੇਸ਼ ਭੇਜੀ ਗਈ ਰਕਮ 62,476 ਕਰੋੜ ਰੁਪਏ ਹੈ ਜੋ ਕਿ ਇਸ ਦੇ ਕਾਰੋਬਾਰ ਦਾ ਲਗਭਗ ਅੱਧਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Income tax, Mobile phone, Oppo, Tax