ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਮਾਨਸੂਨ ਸੈਸ਼ਨ ਦੌਰਾਨ ਟਰੈਕਟਰ ਚਲਾ ਕੇ ਸੰਸਦ ਪਹੁੰਚੇ। ਰਾਹੁਲ ਨਾਲ ਹਰਿਆਣਾ ਅਤੇ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਨੇਤਾ ਸਨ। ਹਰ ਕਿਸੇ ਦੇ ਹੱਥਾਂ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਤਖ਼ਤੀਆਂ ਸਨ। ਹਰ ਕੋਈ ਹੈਰਾਨ ਰਹਿ ਗਿਆ ਜਦੋਂ ਸੋਮਵਾਰ ਨੂੰ ਕਾਂਗਰਸੀ ਸੰਸਦ ਮੈਂਬਰ ਟਰੈਕਟਰ ਉਤੇ ਪਾਰਲੀਮੈਂਟ ਪਹੁੰਚੇ। ਹੁਣ ਪਤਾ ਲੱਗਿਆ ਹੈ ਕਿ ਇਹ ਟਰੈਕਟਰ ਬਹੁਤ ਗੁਪਤ ਢੰਗ ਨਾਲ ਹਰਿਆਣਾ ਤੋਂ ਲਿਆਂਦਾ ਗਿਆ ਸੀ।
ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਜਿਸ ਟਰੈਕਟਰ ਉਤੇ ਸੰਸਦ ਪਹੁੰਚੇ ਸਨ, ਉਹ ਐਤਵਾਰ ਰਾਤ ਨੂੰ ਹਰਿਆਣਾ ਤੋਂ ਚੱਲਿਆ ਸੀ ਤੇ ਰਸਤੇ ਵਿਚ ਇਕ ਵੱਡੇ ਟਰੱਕ ਵਿਚ ਲੁਕੋ ਕੇ ਦਿੱਲੀ ਲਿਆਂਦਾ ਗਿਆ ਤਾਂ ਕਿ ਪੁਲਿਸ ਦੀ ਨਜ਼ਰ ਨਾ ਪੈ ਸਕੇ।
ਦੱਸਿਆ ਗਿਆ ਕਿ ਉਹ ਰਾਤ ਦੇ ਤਿੰਨ ਵਜੇ ਦੇ ਕਰੀਬ ਲੁਟੀਅਨ ਜ਼ੋਨ ਪਹੁੰਚਿਆ। ਪਹਿਲਾਂ, ਕਾਂਗਰਸ ਨੇ ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਘਰ ਉਤਾਰਨ ਦੀ ਯੋਜਨਾ ਬਣਾਈ ਸੀ, ਪਰ ਨੇੜਲੇ ਖੁਫੀਆ ਵਿਭਾਗ ਦੇ ਦੋ ਦਫਤਰ ਅਤੇ ਉਥੇ ਸੀਸੀਟੀਵੀ ਕੈਮਰੇ ਹੋਣ ਕਾਰਨ ਇਸ ਨੂੰ ਕੇਟੀਐਸ ਤੁਲਸੀ ਦੇ ਘਰ ਉਤਾਰਿਆ ਗਿਆ। ਰਾਤ ਨੂੰ ਹੀ, ਹਰਿਆਣੇ ਦੇ ਇਕ ਨੇਤਾ ਦੀ ਨਿਗਰਾਨੀ ਹੇਠ ਟਰੈਕਟਰ ਉੱਤੇ ਪੋਸਟਰ ਲਗਾਏ ਗਏ ਸਨ।
ਦੱਸ ਦਈਏ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਟਰੈਕਟਰ ਚਲਾ ਕੇ ਪਾਰਟੀ ਦੇ ਹੋਰ ਸੰਸਦ ਮੈਂਬਰਾਂ ਨਾਲ ਸੋਮਵਾਰ ਨੂੰ ਸੰਸਦ ਦੇ ਅਹਾਤੇ ਦੇ ਗੇਟ ਤੱਕ ਪਹੁੰਚੇ ਅਤੇ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮਗਰੋਂ ਪੁਲਿਸ ਨੇ ਪਾਰਟੀ ਦੇ ਕੁਝ ਨੇਤਾਵਾਂ ਨੂੰ ਹਿਰਾਸਤ ’ਚ ਲਿਆ ਹੈ।
ਰਾਹੁਲ ਗਾਂਧੀ ਨਾਲ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਰਵਨੀਤ ਸਿੰਘ ਬਿੱਟੂ ਤੇ ਦੀਪੇਂਦਰ ਸਿੰਘ ਹੁੱਡਾ ਨੇ ਵੀ ਖੇਤੀ ਕਾਨੂੰਨਾਂ ਵਿਰੋਧ ਬੈਨਰ ਚੁੱਕੇ ਸਨ ਅਤੇ ਉਨ੍ਹਾਂ ਨੇ ਨਾਅਰੇਬਾਜ਼ੀ ਵੀ ਕੀਤੀ। ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ, ‘ਇਹ ਖੇਤੀ ਕਾਨੂੰਨ ਸਿਰਫ ਦੋ-ਤਿੰਨ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਏ ਗਏ ਹਨ। ਸਾਰਾ ਦੇਸ਼ ਜਾਣਦਾ ਹੈ ਕਿ ਇਹ ਕਾਨੂੰਨ ਕਿਨ੍ਹਾਂ ਲਈ ਲਿਆਂਦੇ ਗਏ ਹਨ। ਇਹ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਨਹੀਂ ਹਨ ਅਤੇ ਇਸ ਕਰਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾ ਰਿਹਾ।’
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।