ਇਨ੍ਹੀਂ ਦਿਨੀਂ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ। ਅਜਿਹੇ 'ਚ ਲੋਕ ਇਲੈਕਟ੍ਰਿਕ ਵਾਹਨਾਂ ਪ੍ਰਤੀ ਆਪਣੀ ਦਿਲਚਸਪੀ ਦਿਖਾ ਰਹੇ ਹਨ। ਇਨ੍ਹਾਂ ਵਿਚ ਇਲੈਕਟ੍ਰਿਕ ਸਕੂਟਰ ਵੀ ਮਹੱਤਵਪੂਰਨ ਹਨ। ਪਰ ਪਿਛਲੇ ਕੁਝ ਸਮੇਂ ਦੌਰਾਨ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰੀਆਂ ਹਨ।
ਅਜਿਹਾ ਹੀ ਇੱਕ ਵੱਡਾ ਮਾਮਲਾ ਮਹਾਰਾਸ਼ਟਰ ਦੇ ਨਾਸਿਕ ਵਿੱਚ ਸਾਹਮਣੇ ਆਇਆ ਹੈ। ਇੱਥੇ ਫੈਕਟਰੀ ਤੋਂ ਬਾਹਰ ਭੇਜੇ ਜਾ ਰਹੇ 20 ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗ ਗਈ। ਇਨ੍ਹਾਂ ਸਕੂਟਰਾਂ ਨੂੰ ਜਤੇਂਦਰ ਈਵੀ ਨਾਂ ਦੀ ਕੰਪਨੀ ਨੇ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਦੇਸ਼ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਵੱਡਾ ਮਾਮਲਾ ਹੈ, ਜਦੋਂ ਇੰਨੀ ਵੱਡੀ ਗਿਣਤੀ 'ਚ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗੀ ਹੈ।
ਇਸ ਦੇ ਨਾਲ ਹੀ ਜਤੇਂਦਰ ਈਵੀ ਨੇ ਵੀ ਇਸ ਅੱਗ ਲੱਗਣ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ, ''ਅੱਗ ਦੀ ਇਹ ਘਟਨਾ 9 ਅਪ੍ਰੈਲ ਨੂੰ ਫੈਕਟਰੀ ਦੇ ਗੇਟ ਨੇੜੇ ਵਾਪਰੀ।
ਇਥੇ ਹੀ ਸਕੂਟਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਅੱਗ ਦੀ ਘਟਨਾ 'ਤੇ ਸਾਡੀ ਟੀਮ ਨੇ ਤੁਰੰਤ ਕਾਬੂ ਪਾ ਲਿਆ। ਸੁਰੱਖਿਆ ਸਾਡੇ ਲਈ ਪਹਿਲੀ ਤਰਜੀਹ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿ ਇਲੈਕਟ੍ਰਿਕ ਸਕੂਟਰ ਨੂੰ ਅੱਗ ਕਿਵੇਂ ਲੱਗੀ। ਜਲਦੀ ਹੀ ਅਸੀਂ ਟੈਸਟ ਦੇ ਨਤੀਜਿਆਂ ਬਾਰੇ ਦੱਸਾਂਗੇ।
ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀ ਇਸ ਘਟਨਾ ਨੂੰ ਲੈ ਕੇ ਕੇਂਦਰੀ ਸੜਕੀ ਆਵਾਜਾਈ ਮੰਤਰਾਲਾ ਵੀ ਕਾਫੀ ਗੰਭੀਰ ਹੈ। ਮੰਤਰਾਲਾ ਕੰਪਨੀ ਦੇ ਨੁਮਾਇੰਦਿਆਂ ਤੋਂ ਘਟਨਾ ਦੀ ਜਾਂਚ ਰਿਪੋਰਟ ਮੰਗਣ ਦੀ ਪ੍ਰਕਿਰਿਆ ਨੂੰ ਪੂਰਾ ਕਰ ਰਿਹਾ ਹੈ।
ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਜਤੇਂਦਰ ਈਵੀ ਨੇ 2021-22 (ਅਪ੍ਰੈਲ-ਮਾਰਚ) ਵਿੱਚ 3,788 ਦੋਪਹੀਆ ਵਾਹਨ ਵੇਚੇ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 619 ਯੂਨਿਟ ਵੇਚੇ ਗਏ ਸਨ।
2021-22 ਦੌਰਾਨ ਕੁੱਲ 2.31 ਲੱਖ ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਗਏ। ਪਿਛਲੇ ਕੁਝ ਹਫ਼ਤਿਆਂ ਵਿੱਚ ਇਲੈਕਟ੍ਰਿਕ ਸਕੂਟਰ ਵਿੱਚ ਅਚਾਨਕ ਅੱਗ ਲੱਗਣ ਦੀ ਇਹ ਘੱਟੋ-ਘੱਟ ਪੰਜਵੀਂ ਘਟਨਾ ਹੈ। ਪਿਛਲੇ ਮਹੀਨੇ, ਪੁਣੇ ਵਿੱਚ ਇੱਕ ਵਪਾਰਕ ਖੇਤਰ ਵਿੱਚ ਸੜਕ ਕਿਨਾਰੇ ਖੜ੍ਹੇ ਓਲਾ ਐਸ 1 ਪ੍ਰੋ ਇਲੈਕਟ੍ਰਿਕ ਸਕੂਟਰ ਵਿੱਚ ਅੱਗ ਲੱਗ ਗਈ ਸੀ। ਅਜਿਹੀ ਹੀ ਇੱਕ ਹੋਰ ਘਟਨਾ ਓਕੀਨਾਵਾ ਦੇ ਇੱਕ ਇਲੈਕਟ੍ਰਿਕ ਸਕੂਟਰ ਨਾਲ ਵਾਪਰੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bajaj Electric scooter, Electric, Electric Scooter, New Chetak electric scooter