ਕੌਮੀ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਦਾ ਅਸਤੀਫ਼ਾ ਮੰਗਿਆ

 • Share this:
  ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦਿਆਂ ਹੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੌਮੀ ਮਹਿਲਾ ਕਮਿਸ਼ਨ ਨੇ ਚੰਨੀ ਦਾ ਅਸਤੀਫ਼ਾ ਮੰਗਿਆ ਹੈ। ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਖ਼ਿਲਾਫ਼ ‘ਮੀ-ਟੂ’ (MeToo allegations) ਮੁਹਿੰਮ ਤਹਿਤ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।  ਰੇਖਾ ਸ਼ਰਮਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਇਕ ਇਹੋ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾਣਾ ਸ਼ਰਮਨਾਕ ਤੇ ਕਾਫੀ ਇਤਰਾਜ਼ਯੋਗ ਹੈ। ਅਸੀਂ ਨਹੀਂ ਚਾਹੁੰਦੇ ਕਿ ਫਿਰ ਤੋਂ ਕਿਸੇ ਔਰਤ ਨੂੰ ਉਹੀ ਸਭ ਕੁਝ ਸਹਿਣ ਕਰਨਾ ਪਵੇ ਅਤੇ ਉਹੀ ਪ੍ਰੇਸ਼ਾਨੀ ਝੱਲਣੀ ਪਵੇ ਜੋ ਕਿ ਪਹਿਲਾਂ ਇਕ ਆਈਏਐੱਸ ਅਧਿਕਾਰੀ ਨੇ ਝੱਲੀ ਸੀ।’’

  ਉਨ੍ਹਾਂ ਕਿਹਾ ਕਿ ਚੰਨੀ ਨੂੰ ਉਨ੍ਹਾਂ ਦੋਸ਼ਾਂ ਪ੍ਰਤੀ ਜਵਾਬਦੇਹ ਹੁੰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਦੱਸ ਦਈਏ ਕਿ ਚੰਨੀ ਉਤੇ ਇਕ ਮਹਿਲਾ ਅਫਸਰ ਨੂੰ ਤੰਗ ਕਰਨ ਦੇ ਦੋਸ਼ ਲੱਗੇ ਸਨ। ਇਸ ਪਿੱਛੋਂ ਕਾਫੀ ਵਿਵਾਦ ਭਖਿਆ ਸੀ।

  ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਦਾ ਸਖਤ ਨੋਟਿਸ ਲਿਆ ਸੀ। ਸਰਕਾਰ ਨੂੰ ਨੋਟਿਸ ਭੇਜ ਕੇ ਇਸ ਉਤੇ ਜਵਾਬ ਵੀ ਮੰਗਿਆ ਗਿਆ ਸੀ। ਪਰ ਇਸ ਤੋਂ ਬਾਅਦ ਮਾਮਲਾ ਕੁਝ ਸ਼ਾਂਤ ਹੋ ਗਿਆ ਸੀ। ਹੁਣ ਚੰਨੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਇਹ ਮੁੱਦਾ ਮੁੜ ਭਖ ਗਿਆ ਹੈ।
  Published by:Gurwinder Singh
  First published: