ਹਿਮਾਚਲ ‘ਚ 55 ਫ਼ੀਸਦੀ ਅਬਾਦੀ ਨੂੰ ਲੱਗੀ ਕੋਵਿਡ ਵੈਕਸੀਨ ਦੀ ਦੂਜੀ ਖ਼ੁਰਾਕ
ਹਿਮਾਚਲ ਪ੍ਰਦੇਸ਼ ਸਿਹਤ ਵਿਭਾਗ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਵੈਕਸੀਨ ਮੁਹਿੰਮ ਦੇ ਤਹਿਤ ਸੂਬੇ ਵਿੱਚ ਕੁੱਲ 55.6 ਫ਼ੀਸਦੀ ਅਬਾਦੀ ਨੂੰ ਕੋਵਿਡ ਵੈਕਸੀਨ ਦੀ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਕੋਵਿਡ-19 ਮਹਾਂਮਾਰੀ ਨੂੰ ਕੰਟਰੋਲ ਕਰਨ ਵਿੱਚ ਕਾਫ਼ੀ ਹੱਦ ਤੱਕ ਸਫ਼ਲ ਰਿਹਾ ਹੈ।
ਵਿਭਾਗ ਨੇ ਦੱਸਿਆ ਕਿ ਪ੍ਰਦੇਸ਼ ਵਿੱਚ ਲਗਭਗ 55 ਲੱਖ 23 ਹਜ਼ਾਰ ਲੋਕ ਹਨ, ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਲੱਗ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਨਿਰਧਾਰਤ ਟੀਚੇ ਦੇ ਤਹਿਤ ਸੂਬੇ ਵਿੱਚ ਹੁਣ ਤੱਕ 30,71,853 ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ।
ਕਿੰਨੌਰ ਜ਼ਿਲ੍ਹਾ ‘ਚ ਸਭ ਨੂੰ ਲੱਗੀ ਕੋਵਿਡ ਵੈਕਸੀਨ
ਸਿਹਤ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਕੋਵਿਡ-19 ਟੀਕਾਕਰਣ ਮੁਹਿੰਮ ਦੇ ਤਹਿਤ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ ‘ਚ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਜਾ ਰਹੀ ਹੈ। ਇਸ ਵਿੱਚ ਜ਼ਿਲ੍ਹਾ ਕਿੰਨੌਰ 102.8 ਫ਼ੀਸਦੀ ਨਾਲ ਸੂਬੇ ‘ਚ ਪਹਿਲੇ ਸਥਾਨ ‘ਤੇ ਹੈ। ਉੱਧਰ, ਲਾਹੌਲ ਸਪੀਤੀ 82.1 ਫ਼ੀਸਦੀ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਜਦਕਿ ਸੋਲਨ ਜ਼ਿਲ੍ਹਾ 73.6 ਫ਼ੀਸਦੀ ਨਾਲ ਤੀਜੇ ਸਥਾਨ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਬਿਲਾਸਪੁਰ ‘ਚ 64.7 ਫ਼ੀਸਦੀ, ਚੰਬਾ ‘ਚ 42.5 ਫ਼ੀਸਦੀ, ਹਮੀਰਪੁਰ ‘ਚ 56.7 ਫ਼ੀਸਦੀ, ਕਾਂਗੜਾ ‘ਚ 51.1 ਫ਼ੀਸਦੀ, ਕੁੱਲੂ ;ਚ 53.6 ਫ਼ੀਸਦੀ, ਮੰਡੀ ‘ਚ 51.8 ਫ਼ੀਸਦੀ, ਸ਼ਿਮਲਾ ‘ਚ 60.2 ਫ਼ੀਸਦੀ, ਸਰਮੌਰ ‘ਚ 44 ਫ਼ੀਸਦੀ ਤੇ ਊਨਾ ;ਚ 61.3 ਫ਼ੀਸਦੀ ਅਬਾਦੀ ਨੂੰ ਕੋਵਿਡ ਵੈਕਸੀਨ ਲੱਗ ਚੁੱਕੀ ਹੈ।
ਸਰਕਾਰ ਨੇ ਕੀਤੀ ਲੋਕਾਂ ਨੂੰ ਅਪੀਲ
ਵਿਭਾਗ ਨੇ ਪਹਿਲੀ ਖੁਰਾਕ ਲਗਵਾ ਚੁੱਕੇ ਸਾਰੇ ਲੋਕਾਂ ਨੂੰ ਦੂਜੀ ਖੁਰਾਕ ਦਾ ਸਮਾਂ ਪੂਰਾ ਹੁੰਦੇ ਹੀ ਜਲਦ ਤੋਂ ਜਲਦ ਕੋਵਿਡ 19 ਖ਼ਿਲਾਫ਼ ਆਪਣੀ ਦੂਜੀ ਖੁਰਾਕ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਮਹਾਂਮਾਰੀ ਤੋਂ ਬਚਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਹਾਲਾਂਕਿ ਵੈਕਸੀਨ ਸਾਨੂੰ ਕੋਵਿਡ ਦੇ ਖ਼ਤਰੇ ਤੋਂ ਬਚਾਉਂਦੀ ਹੈ, ਪਰ ਫ਼ਿਰ ਵੀ ਸਾਨੂੰ ਸਰਕਾਰ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਚਿਹਰੇ ਨੂੰ ਮਾਸਕ ਨਾਲ ਕਵਰ ਰੱਖਣ ਅਤੇ ਬਾਰ ਬਾਰ ਹੱਥਾਂ ਨੂੰ ਸਾਬੁਣ ਨਾਲ ਧੋਣ ਲਈ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ।
Published by:Amelia Punjabi
First published: