ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਆਯੋਜਿਤ ਗਲੋਬਲ ਸਮਿਟ 'ਨੋ ਮਨੀ ਫਾਰ ਟੈਰਰ' ਦਾ ਉਦਘਾਟਨ ਕੀਤਾ। 'ਅੱਤਵਾਦ ਲਈ ਕੋਈ ਪੈਸਾ ਨਹੀਂ: ਅੱਤਵਾਦ ਦੇ ਵਿੱਤ ਪੋਸ਼ਣ ਨਾਲ ਨਜਿੱਠਣ ਲਈ ਮੰਤਰੀਆਂ ਦੀ ਕਾਨਫਰੰਸ' ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅੱਤਵਾਦ ਦੇ ਖਾਤਮੇ ਤੱਕ ਆਰਾਮ ਨਹੀਂ ਕਰੇਗਾ। 'ਨੋ ਮਨੀ ਫਾਰ ਟੈਰਰ' ਸੰਮੇਲਨ 'ਚ ਪੀਐੱਮ ਮੋਦੀ ਨੇ ਅੱਤਵਾਦ ਦਾ ਮਾਸਟਰ ਦੱਸਦਿਆਂ ਬਦਨਾਮ ਪਾਕਿਸਤਾਨ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਕੁਝ ਦੇਸ਼ ਅੱਤਵਾਦ ਦਾ ਸਮਰਥਨ ਅਤੇ ਸਪਾਂਸਰ ਕਰਦੇ ਹਨ।
ਪਾਕਿਸਤਾਨ ਦਾ ਨਾਂ ਲਏ ਬਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਨੂੰ ਰਾਜ ਸਪਾਂਸਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਵਿਚਾਰਧਾਰਕ ਤੌਰ 'ਤੇ ਸਮਰਥਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਅੱਤਵਾਦੀ ਸੰਗਠਨਾਂ ਨੂੰ ਕਈ ਸਰੋਤਾਂ ਤੋਂ ਪੈਸਾ ਮਿਲਦਾ ਹੈ, ਜਿਵੇਂ ਕਿ ਰਾਜ ਸਮਰਥਨ। ਕੁਝ ਦੇਸ਼ ਅੱਤਵਾਦ ਦਾ ਸਮਰਥਨ ਕਰਦੇ ਹਨ। ਉਹ ਅੱਤਵਾਦੀ ਸੰਗਠਨਾਂ ਨੂੰ ਸਿਆਸੀ, ਵਿਚਾਰਧਾਰਕ ਅਤੇ ਵਿੱਤੀ ਮਦਦ ਪ੍ਰਦਾਨ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੰਗ ਦੀ ਅਣਹੋਂਦ ਦਾ ਮਤਲਬ ਸ਼ਾਂਤੀ ਹੈ। ਪਰਾਕਸੀ ਜੰਗਾਂ ਭਾਵ ਪ੍ਰੌਕਸੀ ਯੁੱਧ ਵੀ ਬਹੁਤ ਖਤਰਨਾਕ ਹਨ। ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਅਜਿਹੇ ਦੇਸ਼ਾਂ ਨੂੰ ਅਲੱਗ-ਥਲੱਗ ਕਰ ਦੇਣਾ ਚਾਹੀਦਾ ਹੈ। ਦੁਨੀਆ ਨੂੰ ਉਨ੍ਹਾਂ ਲੋਕਾਂ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ, ਜੋ ਗੁਪਤ ਅਤੇ ਖੁੱਲ੍ਹੇਆਮ ਅੱਤਵਾਦ ਦਾ ਸਮਰਥਨ ਕਰਦੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਅੱਤਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ ਅਤੇ ਜਦੋਂ ਤੱਕ ਇਸ ਨੂੰ ਜੜ੍ਹੋਂ ਪੁੱਟ ਕੇ ਨਹੀਂ ਸੁੱਟਿਆ ਜਾਂਦਾ, ਉਦੋਂ ਤੱਕ ਉਹ ਆਰਾਮ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੱਕ ਵੱਖ-ਵੱਖ ਨਾਵਾਂ ਅਤੇ ਰੂਪਾਂ ਵਿੱਚ ਅੱਤਵਾਦ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕਾਰਨ ਦੇਸ਼ ਨੇ ਹਜ਼ਾਰਾਂ ਕੀਮਤੀ ਜਾਨਾਂ ਗੁਆ ਦਿੱਤੀਆਂ ਪਰ ਇਸ ਦੇ ਬਾਵਜੂਦ ਦੇਸ਼ ਨੇ ਅੱਤਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi, Modi government, Narendra modi, PM Modi, Terror, Terrorism, Terrorist