ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਦਿੱਲੀ ਵਿਚ ਭੜਕੀ ਹਿੰਸਾ ਅਤੇ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਦਾ ਇਲਜਾਮ ਨਹਿਰੂ ਵਿਹਾਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਨਿਗਮ ਪਾਰਸ਼ਦ ਤਾਹਿਰ ਹੁਸੈਨ ਅਤੇ ਉਨ੍ਹਾਂ ਦੇ ਸਮਰਥਕਾਂ ਉਤੇ ਲੱਗਿਆ ਹੈ। ਅੰਕਿਤ ਸ਼ਰਮਾ ਦੀ ਲਾਸ਼ ਬੁੱਧਵਾਰ ਨੂੰ ਚਾਂਦ ਬਾਗ ਵਿਚ ਇਕ ਨਾਲੇ ਤੋਂ ਮਿਲੀ ਸੀ। ਅੰਕਿਤ ਦੇ ਪਰਿਵਾਰਿਕ ਮੈਂਬਰਾਂ ਨੇ ਸਿੱਧੇ-ਸਿੱਧੇ ਤਾਹਿਰ ਹੂਸੈਨ ਅਤੇ ਉਸ ਦੇ ਸਮਰਥਕਾਂ ਉਤੇ ਕਿਡਨੈਪ ਕਰਕੇ ਅੰਕਿਤ ਨੂੰ ਜਾਨ ਤੋਂ ਮਾਰਨ ਦਾ ਇਲਜਾਮ ਲਗਾਇਆ ਹੈ। ਪਰ ਤਾਹਿਰ ਹੁਸੈਨ ਇਨ੍ਹਾਂ ਇਲਜਾਮਾਂ ਨੂੰ ਝੂਠਾ ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਲਈ ਮੈਂ ਸੋਮਵਾਰ ਨੂੰ ਹੀ ਆਪਣਾ ਘਰ ਛੱਡ ਕੇ ਚਲਾ ਗਿਆ ਸੀ।
‘ਭੀੜ ਮੇਰੇ ਭਰਾ ਨੂੰ ਤਾਹਿਰ ਦੇ ਮਕਾਨ ਵਿਚ ਲੈ ਗਈ’
ਇਕ ਟੀਵੀ ਚੈਨਲ ਨਾਲ ਗੱਲਬਾਤ ਵਿਚ ਆਈਬੀ ਅਫਸਰ ਅੰਕਿਤ ਦੇ ਭਰਾ ਅੰਕੁਰ ਨੇ ਕਤਲ ਲਈ ‘ਆਪ’ ਦੇ ਨਿਗਮ ਪਾਰਸ਼ਦ ਮੁਹੱਮਦ ਤਾਹਿਰ ਹੂਸੈਨ ਦਾ ਨਾਮ ਲਿਆ ਹੈ। ਅੰਕਿਤ ਦੇ ਭਰਾ ਨੇ ਕਿਹਾ, ‘ਜੋ ਸੀਏਏ-ਐਨਆਰਸੀ ਦਾ ਵਿਰੋਧ ਕਰ ਰਹੇ ਹਨ, ਲੋਕਾਂ ਨੂੰ ਮਾਰ ਰਹੇ ਹਨ, ਪ੍ਰਾਪਰਟੀ ਜਲਾ ਰਹੇ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਨ੍ਹਾਂ ਨੇ ਕਿੰਨੇ ਲੋਕਾਂ ਦਾ ਘਰ ਤਬਾਹ ਕਰ ਦਿੱਤਾ, ਇਸ ਵਿਚੋਂ ਇਕ ਘਰ ਸਾਡਾ ਵੀ ਹੈ। ਸਾਡਾ ਘਰ ਬਰਬਾਦ ਹੋ ਗਿਆ’। ਅੰਕੂਰ ਅੱਗੇ ਕਹਿੰਦੇ ਹਨ, ਮੇਰਾ ਭਰਾ ਅੰਕਿਤ ਕਰੀਬ 4.30 ਬਜੇ ਡਿਊਟੀ ਤੋਂ ਆ ਰਿਹਾ ਸੀ। ਭੀੜ ਨੇ ਆਈਬੀ ਵਿਚ ਨੌਕਰੀ ਕਰਨ ਵਾਲੇ ਮੇਰੇ ਭਰਾ ਨੂੰ ਗਲੀ ਦੇ ਬਾਹਰ ਫੜ ਲਿਆ ਅਤੇ ਉਸ ਨੂੰ ਖਿੱਚ ਕੇ ਤਾਹਿਰ ਹੂਸੈਨ ਦੇ ਮਕਾਨ ਵਿਚ ਲੈ ਗਏ। ਭੀੜ ਇੱਥੋਂ ਚਾਰ ਨੌਜਵਾਨਾਂ ਨੂੰ ਫੜ ਕੇ ਲੈ ਗਈ ਸੀ, ਜਿਸ ਵਿਚ ਹੁਣ ਤੱਕ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।
ਪੱਥਰਬਾਜੀ ਕਰਨ ਵਾਲਿਆਂ ਨੇ ਹੀ ਮੇਰੇ ਬੇਟੇ ਨੂੰ ਮਾਰਿਆ : ਰਵਿੰਦਰ ਸ਼ਰਮਾ
ਸੋਸ਼ਲ ਮੀਡੀਆ ਉਤੇ ਅਜਿਹੇ ਵੀ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ, ਜਿਸ ਵਿਚ ਲੋਕ ਤਾਹਿਰ ਹੁਸੈਨ ਦੇ ਘਰ ਦੇ ਕੋਠੇ ਉਤੋਂ ਪੱਥਰਬਾਜੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅੰਕਿਤ ਦੇ ਪਿਤਾ ਰਵਿੰਦਰ ਸ਼ਰਮਾ ਨੇ ਕਿਹਾ, ‘ਕੁਝ ਲੋਕ ਜੋ ਤਾਹਿਰ ਦੇ ਕੋਠੇ ਉਤੋਂ ਪੱਥਰਬਾਜੀ ਕਰ ਰਹੇ ਸੀ, ਉਨ੍ਹਾਂ ਨੇ ਹੀ ਮੇਰੇ ਬੇਟੇ ਨੂੰ ਮਾਰਿਆ ਹੈ’। ‘ਸ਼ਿਕਾਰਾ’ ਫਿਲਮ ਦੇ ਲੇਖਕ ਰਾਹੁਲ ਪੰਡਿਤਾ ਨੇ ਵੀ ਆਪਣੇ ਟਵੀਟਰ ਅਕਾਉਂਟ ਉਤੇ ਕਿਹਾ, ‘ਮੈਂ ਕਲ ਪੂਰਾ ਦਿਨ ਉੱਤਰ-ਪੂਰਬ ਦਿੱਲੀ ਵਿਚ ਸੀ। ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪਾਰਸ਼ਦ ਉਤੇ ਗੰਭੀਰ ਇਲਜਾਮ ਲਗਾਏ ਹਨ’।
ਮੈਂ ਇਕ ਸੱਚਾ ਮੁਸਲਮਾਨ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ : ਤਾਹਿਰ
ਦੂਜੇ ਪਾਸੇ ਤਾਹਿਰ ਹੁਸੈਨ ਨੇ ਇਲਜਾਮਾਂ ਉਤੇ ਇਕ ਵੀਡੀਓ ਜਾਰੀ ਕਰਕੇ ਸਫਾਈ ਦਿੱਤੀ ਹੈ। ਇਸ ਵੀਡੀਓ ਵਿਚ ਤਾਹਿਰ ਨੇ ਕਿਹਾ, ਮੇਰੇ ਬਾਰੇ ਵਿਚ ਜੋ ਵੀ ਖਬਰਾਂ ਚਲਾਈਆਂ ਜਾ ਰਹੀਆਂ ਹਨ, ਉਹ ਪੂਰੀ ਤਰਾਂ ਗਲਤ ਹਨ। ਇਕ ਭੀੜ ਮੇਰੇ ਦਫਤਰ ਦਾ ਗੇਟ ਤੋੜ ਕੇ ਜਬਰਦਸਤੀ ਕੋਠੇ ਉੱਤੇ ਚੜ ਗਈ ਸੀ, ਜਿਸ ਤੋਂ ਬਾਅਦ ਮੈਂ ਪੁਲਿਸ ਕੋਲੋਂ ਮਦਦ ਮੰਗੀ। ਪੁਲਿਸ ਅਧਿਕਾਰੀ ਦੀ ਨਿਗਰਾਨੀ ਵਿਚ ਹੀ ਮਕਾਨ ਦੀ ਤਲਾਸ਼ੀ ਲਈ ਗਈ, ਚੈਕ ਕਰਨ ਤੋਂ ਬਾਅਦ ਹੀ ਪੁਲਿਸ ਨੇ ਸਾਨੂੰ ਪਰਿਵਾਰ ਨਾਲ ਸੁਰੱਖਿਅਤ ਬਾਹਰ ਭੇਜ ਦਿੱਤਾ। ਯਕੀਨ ਕਰੋ ਮੈਂ ਇਕ ਸੱਚਾ ਮੁਸਲਮਾਨ ਹਾਂ। ਮੈਂ ਜਿੰਦਗੀ ਵਿਚ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਤਾਹਿਰ ਹੁਸੈਨ ਉੱਤਰ-ਪੂਰਬੀ ਦਿੱਲੀ ਲੋਕਸਭਾ ਖੇਤਰ ਵਿਚ ਆਉਣ ਵਾਲੇ ਵਾਰਡ ਨੰਬਰ-59 ਨਹਿਰੂ ਵਿਹਾਰ (ਪੂਰਬੀ ਦਿੱਲੀ ਨਗਰ ਨਿਗਮ) ਦੇ ਨਿਗਮ ਪਾਰਸ਼ਦ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi Violence