ਪੈਗੰਬਰ ਮੁਹੰਮਦ ਖਿਲਾਫ ਕਥਿਤ ਇਤਰਾਜ਼ਯੋਗ ਟਿੱਪਣੀ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਮੁਅੱਤਲ ਕੀਤੀ ਗਈ ਨੁਪੁਰ ਸ਼ਰਮਾ ਨੇ ਐਤਵਾਰ ਨੂੰ ਆਪਣੇ ਪਿਛਲੇ ਦਿਨੀਂ ਟੈਲੀਵਿਜ਼ਨ 'ਤੇ ਬਹਿਸ ਦੌਰਾਨ ਦਿੱਤੇ ਬਿਆਨ ਨੂੰ ਬਿਨਾਂ ਸ਼ਰਤ ਵਾਪਸ ਲੈ ਲਿਆ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਸ਼ਰਮਾ, ਜੋ ਭਾਜਪਾ ਦੇ ਰਾਸ਼ਟਰੀ ਬੁਲਾਰੇ ਰਹਿ ਚੁੱਕੀ ਹੈ, ਨੇ ਦਾਅਵਾ ਕੀਤਾ ਕਿ ਪੈਗੰਬਰ ਮੁਹੰਮਦ ਬਾਰੇ ਉਸ ਦੀਆਂ ਟਿੱਪਣੀਆਂ "ਭਗਵਾਨ ਸ਼ਿਵ ਦਾ ਅਪਮਾਨ" ਕਰਨ ਦੇ ਜਵਾਬ ਵਿੱਚ ਸਨ ਕਿਉਂਕਿ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ।
ਨੂਪੁਰ ਨੇ ਟਵਿੱਟਰ 'ਤੇ ਲਿਖਿਆ, ''ਮੈਂ ਪਿਛਲੇ ਕਈ ਦਿਨਾਂ ਤੋਂ ਟੀਵੀ ਬਹਿਸਾਂ 'ਤੇ ਜਾ ਰਹੀ ਸੀ, ਜਿੱਥੇ ਹਰ ਰੋਜ਼ ਮੇਰੇ ਪਿਆਰੇ ਸ਼ਿਵਜੀ ਦਾ ਅਪਮਾਨ ਹੋ ਰਿਹਾ ਸੀ। ਮੇਰੇ ਸਾਹਮਣੇ ਕਿਹਾ ਜਾ ਰਿਹਾ ਸੀ ਕਿ ਇਹ ਸ਼ਿਵਲਿੰਗ ਨਹੀਂ, ਇੱਕ ਫੁਹਾਰਾ ਹੈ, ਦਿੱਲੀ ਦੇ ਹਰ ਫੁੱਟਪਾਥ 'ਤੇ ਕਈ ਅਜਿਹੇ ਸ਼ਿਵਲਿੰਗ ਮਿਲਦੇ ਹਨ, ਜਾ ਕੇ ਪੂਜਾ ਕਰੋ। ਮੇਰੇ ਸਾਹਮਣੇ ਵਾਰ-ਵਾਰ ਸਾਡੇ ਮਹਾਦੇਵ ਸ਼ਿਵ ਦਾ ਇਸ ਤਰ੍ਹਾਂ ਅਪਮਾਨ ਬਰਦਾਸ਼ਤ ਨਾ ਹੋ ਸਕਿਆ ਅਤੇ ਮੈਂ ਗੁੱਸੇ ਵਿਚ ਕੁਝ ਗੱਲਾਂ ਕਹੀਆਂ।
ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ। ਕਿਸੇ ਨੂੰ ਠੇਸ ਪਹੁੰਚਾਉਣ ਦਾ ਮੇਰਾ ਇਰਾਦਾ ਕਦੇ ਨਹੀਂ ਸੀ।"
ਦੱਸ ਦਈਏ ਕਿ ਕੱਲ੍ਹ ਪੈਗੰਬਰ ਮੁਹੰਮਦ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲੱਗਣ ਮਗਰੋਂ ਭਾਜਪਾ ਨੇ ਕੌਮੀ ਤਰਜਮਾਨ ਨੂਪੁਰ ਸ਼ਰਮਾ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਨੂਪੁਰ ਸ਼ਰਮਾ ਦੀਆਂ ਟਿੱਪਣੀਆਂ ਕਾਰਨ ਮੁਸਲਿਮ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਅਤੇ ਕਾਨਪੁਰ ’ਚ ਦੰਗੇ ਵੀ ਭੜਕੇ ।
ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਨੂਪੁਰ ਸ਼ਰਮਾ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਉਸ ਵੱਲੋਂ ਪ੍ਰਗਟਾਏ ਗਏ ਵਿਚਾਰ ਪਾਰਟੀ ਨਾਲੋਂ ਵੱਖਰੇ ਹਨ ਜੋ ਭਾਜਪਾ ਦੇ ਸੰਵਿਧਾਨ ਦੀ ਸਪੱਸ਼ਟ ਉਲੰਘਣਾ ਹੈ। ਉਸ ਖ਼ਿਲਾਫ਼ ਜਾਂਚ ਆਰੰਭੀ ਗਈ ਹੈ ਅਤੇ ਉਸ ਨੂੰ ਮੁਅੱਤਲ ਕਰਦਿਆਂ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP Protest, Punjab BJP