ਚੰਡੀਗੜ੍ਹ : ਕਰਤਾਰਪੁਰ ਲਾਂਘੇ 'ਤੇ 14 ਅਗਸਤ ਨੂੰ ਦੀਵੇ ਜਗਾ ਕੇ ਬਾਬੇ ਨਾਨਕ ਦਾ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਰਾਸ਼ਟਰੀ ਆਮ ਜਨ ਬ੍ਰਿਗੇਡ ਅਤੇ ਬੰਗਲਾਦੇਸ਼, ਭਾਰਤ, ਪਾਕਿਸਤਾਨ ਪੀਪਲਜ਼ ਫੋਰਮ (BBPPF) ਪੰਜਾਬ ਦੇ ਕਨਵੀਨਰ ਗੁਰਮੀਤ ਸਿੰਘ ਜੱਜ ਨੇ ਕੀਤਾ ਹੈ। ਉਨ੍ਹਾਂ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਕੇ ਵੰਡ(Partition 1947) ਦੇ ਦਰਦ ਨੂੰ ਯਾਦ ਕਰਦਿਆਂ ਕਿਹਾ ਕਿ ਇੱਸ ਆਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਦਾ ਹੀ ਸਭ ਤੋਂ ਵੱਧ ਲਹੂ ਵਹਾਇਆ ਗਿਆ। ਇੱਸ ਦਿਨ ਪੰਜਾਬ ਦੇ ਟੋਟੇ ਕੀਤੇ ਗਏ, ਪੰਜਾਬੀਆਂ ਦੇ ਟੋਟੇ ਕੀਤੇ ਗਏ, ਤੇ ਦੁਨੀਆਂ ਦੀ ਸਭ ਤੋਂ ਉਪਜਾਊ ਧਰਤੀ ਤੇ ਪੰਜਾਬੀਆਂ ਦੇ ਲਹੂ ਦੀਆਂ ਨਦੀਆਂ ਵਹਾਈਆਂ ਗਈਆਂ। ਦੁਨੀਆਂ ਦੇ ਸਭ ਤੋਂ ਮਿਹਨਤੀ ਤੇ ਖੁਸ਼ਹਾਲ ਲੋਕਾਂ ਤੇ ਸਭ ਤੋਂ ਦਰਦਨਾਕ ਵੰਡ ਦਾ ਖੂਨੀ ਕਹਿਰ ਵਰਸਾਇਆ ਗਿਆ। ਬਾਬੇ ਦੀ ਕਰਮਭੂਮੀ ਤੇ ਖੇਤ ਉੱਸਦੇ ਹੀ ਪੁੱਤਰ ਧੀਆਂ ਦੇ ਲਹੂ ਵਿੱਚ ਡੋਬੇ ਗਏ। ਬਾਬੇ ਦੀ ਸੋਚ ਤੇ ਸੱਚ ਦੇ ਪੈਰੋਕਾਰਾਂ ਦੇ ਦਿਲ ਵਿਚੋਂ ਦਰਦ ਤੇ ਅੱਖਾਂ ਵਿੱਚੋਂ ਲਹੂ ਸਿੰਮਿਆਂ। ਉਨ੍ਹਾਂ ਕਿਹਾ ਕਿ ਜਥੇਦਵੰਦੀ ਦੇ ਆਗੂਆਂ ਨੇ ਉੱਸ ਵੰਡ ਦੇ ਦਰਦ ਨੂੰ ਹੰਢਾਉਂਦੇ ਪੰਜਾਬੀਆਂ ਦੇ ਦਿਲਾਂ ਵਿੱਚ ਪਿਆਰ ਤੇ ਉਦਰੇਵਾਂ ਵੇਖਣ ਲਈ ਕਰਤਾਰਪੁਰ ਸਾਹਿਬ ਕਾਰੀਡੋਰ ਤੇ ਖਲੋ ਕੇ ਦੀਵੇ ਤੇ ਮੋਮਬੱਤੀਆਂ ਜਗਾਉਣ ਦਾ ਸੱਦਾ ਦਿੱਤਾ।
ਗੁਰਮੀਤ ਸਿੰਘ ਜੱਜ ਨੇ ਕਿਹਾ ਕਿ ਜ਼ਿੰਦਗੀ ਤੇ ਇਤਿਹਾਸ ਤੇ ਝਾਤ ਪਾਉੱਦਿਆਂ ਪਤਾ ਚੱਲਦਾ ਹੈ ਕਿ ਬਾਬੇ ਨਾਨਕ ਦੇ ਖੇਤਾਂ ਵਿੱਚ ਵਾਹੇ ਹਲ਼ ਨਾਲ ਉੱਗੇ ਅਨਾਜ, ਫਸਲਾਂ, ਲੰਗਰ, ਤ੍ਰਿਪਤੀ ਅਤੇ ਬਾਬੇ ਦੀ ਵਾਹੀ ਕਲਮ ਤੇ ਇਲਾਹੀ ਬਾਣੀ ਚੋਂ ਉਪਜਿਆ ਕਿਰਤੀਆਂ ਲਾਲੋਆਂ ਲਈ ਪਿਆਰ, ਲੁਟੇਰੇ ਮਲਕ ਭਾਗੋਆਂ, ਬਾਬਰਾਂ ਤੇ ਜਾਬਰਾਂ ਲਈ ਫਿਟਕਾਰ। ਬਾਬੇ ਦੀਆਂ ਸੋਚਾਂ ਚੋਂ ਉਪਜੇ ਖਾਲਸੇ, ਗਦਰੀ, ਬੱਬਰ, ਭਗਤ ਸਰਾਭੇ ਤੇ ਲੋਕ ਹਿਤਾਂ ਲਈ ਜੂਝਣ ਵਾਲੇ ਵਾਰਿਸ। ਅੱਜ ਉਹਨਾਂ ਦੀਆਂ ਸੋਚਾਂ ਨੂੰ ਮਨੀਂ ਵਸਾਉਣ ਤੇ ਲੋਕ ਵਿਰੋਧੀਆਂ ਨੂੰ ਭਾਂਜ ਦੇਣ ਦੀ ਲੋੜ ਹੈ। ਪੱਕੀਆਂ ਕੀਤੀਆਂ ਜਾ ਰਹੀਆਂ ਫਿਰਕੂ ਵੰਡਾਂ ਤੇ ਨਫਰਤੀ ਗੰਢਾਂ ਦੇ ਅੰਧਕਾਰ ਨੂੰ ਮਿਟਾਉਣ ਲਈ ਇੱਕਮਿਕ ਹੋ ਕੇ ਅੱਗੇ ਵਧਣ ਵਾਲਾ ਚਾਨਣ ਫੈਲਾਉਣ ਦੀ ਲੋੜ ਹੈ।
ਉਹਨਾਂ ਮੰਗ ਕੀਤੀ ਕਿ ਲਾਂਘੇ ਰਾਹੀਂ ਬਾਬੇ ਨਾਨਕ ਦੇ ਖੇਤਾਂ ਵਿੱਚ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣ। ਪਾਸਪੋਰਟ ਤੇ ਫੀਸਾਂ ਦੀਆਂ ਸ਼ਰਤਾਂ ਖਤਮ ਹੋਣ ਤਾਂ ਜੋ ਗਰੀਬ ਕਿਰਤੀ ਜੋ ਇਹ ਬੋਝ ਨਹੀਂ ਚੁੱਕ ਸਕਦੇ ਬਾਬੇ ਦੇ ਖੇਤਾਂ ਤੇ ਕਰਮਭੂਮੀ ਦੇ ਦਰਸ਼ਨਾਂ ਤੋਂ ਵਾਂਝੇ ਨਾ ਰਹਿਣ। ਭਾਰਤ ਪਾਕਿਸਤਾਨ ਵੀਜ਼ਾ ਅਤੇ ਪਾਸਪੋਰਟ ਫ੍ਰੀ ਆਵਾਜਾਈ ਪਛਾਣ ਪੱਤਰ ਦੇ ਅਧਾਰ ਤੇ ਯਕੀਨੀ ਬਣਾਈ ਜਾਵੇ। ਗੁਰੂ ਅਸਥਾਨਾਂ ਤੇ ਗੁਰੂ ਦੇ ਅਤੁੱਟ ਲੰਗਰ ਤੇ ਖੁੱਲ੍ਹੇ ਦਰਸ਼ਨ ਦੀਦਾਰੇ ਦੀ ਤਾਂਘ ਤੇ ਅਰਦਾਸ ਪੂਰੀ ਹੋਵੇ।
ਉਹਨਾਂ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਸਮੇਤ ਸੂਝਵਾਨ ਲੋਕਾਂ ਤੇ ਲੋਕ ਪੱਖੀ ਜਥੇਬੰਦੀਆਂ ਨੂੰ ਪਹੁੰਚਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਪਿਆਰ ਤੇ ਸਾਂਝੀਵਾਲਤਾ ਦੇ ਪ੍ਰਚਾਰ ਮੁਹਿੰਮ ਲਈ ਇੱੱਕ ਵਟਸਐਪ ਨੰਬਰ 09255246238 ਅਤੇ 9465806990 ਜਾਰੀ ਕੀਤਾ ਹੈ। ਇਸ ਨਾਲ ਜੁੜਣ ਲਈ ਉਪਰੋਕਤ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bangladesh, Independence day, Kartarpur Corridor, Pakistan, Partition