ਬਿਹਾਰ ਵਿੱਚ ਜੇਡੀਯੂ ਅਤੇ ਭਾਜਪਾ ਦਾ ਗਠਜੋੜ ਟੁੱਟ ਗਿਆ ਹੈ। ਮੰਗਲਵਾਰ ਸਵੇਰ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਦਰਮਿਆਨ ਕਿਸੇ ਵੀ ਸਮੇਂ ਇਸ ਦਾ ਰਸਮੀ ਐਲਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਸ ਦੌਰਾਨ ਸੂਤਰਾਂ ਤੋਂ ਸਾਹਮਣੇ ਆਈ ਖਬਰ ਮੁਤਾਬਕ ਦੋਵੇਂ ਧਿਰਾਂ ਵੱਖ ਹੋ ਗਈਆਂ ਹਨ। ਹਾਲਾਂਕਿ ਨਾ ਤਾਂ ਜੇਡੀਯੂ ਅਤੇ ਨਾ ਹੀ ਭਾਜਪਾ ਨੇ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਾਮ 4 ਵਜੇ ਬਿਹਾਰ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
ਬਿਹਾਰ ਵਿੱਚ ਸੱਤਾ ਦੇ ਨਵੇਂ ਸਮੀਕਰਨ ਮੁਤਾਬਕ ਜੇਡੀਯੂ, ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਗੀਆਂ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ 160 ਵਿਧਾਇਕਾਂ (ਆਰਜੇਡੀ-79, ਜੇਡੀਯੂ-45, ਕਾਂਗਰਸ-19, ਖੱਬੇ-ਪੱਖੀ-16 ਅਤੇ ਆਜ਼ਾਦ-1) ਦੇ ਸਮਰਥਨ ਦਾ ਪੱਤਰ ਲੈ ਕੇ ਰਾਜ ਭਵਨ ਜਾਣਗੇ।
ਇਸ ਤੋਂ ਪਹਿਲਾਂ ਮਹਾਗਠਜੋੜ ਦੀਆਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੂੰ ਆਪਣਾ ਸਮਰਥਨ ਪੱਤਰ ਸੌਂਪਿਆ। ਮਹਾਗਠਜੋੜ ਦੇ ਵਿਧਾਇਕਾਂ ਦਾ ਧੰਨਵਾਦ ਕਰਦੇ ਹੋਏ ਤੇਜਸਵੀ ਯਾਦਵ ਨੇ ਕਿਹਾ ਕਿ ਤੁਸੀਂ ਮੇਰੇ 'ਤੇ ਭਰੋਸਾ ਕੀਤਾ ਹੈ, ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
ਤੇਜਸਵੀ ਯਾਦਵ ਨੇ ਕਿਹਾ ਕਿ ਅਸੀਂ ਹਰ ਮੁੱਦੇ 'ਤੇ ਇਕੱਠੇ ਕੰਮ ਕਰਾਂਗੇ ਅਤੇ 2020 'ਚ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਾਂਗੇ। ਜਾਣਕਾਰੀ ਮੁਤਾਬਕ ਤੇਜਸਵੀ ਯਾਦਵ ਆਪਣੇ ਵਿਧਾਇਕਾਂ ਦਾ ਸਮਰਥਨ ਪੱਤਰ ਨਿਤੀਸ਼ ਕੁਮਾਰ ਨੂੰ ਸੌਂਪਣਗੇ, ਜਿਸ ਤੋਂ ਬਾਅਦ ਬਿਹਾਰ 'ਚ ਨਵੀਂ ਸਰਕਾਰ ਦੇ ਗਠਨ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bihar, Nda, Nitish Kumar