ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (Pradhan Mantri Kisan Samman Nidhi Yojana) ਤਹਿਤ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਵਿਚ 6 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਂਦੇ ਹਨ। ਹੁਣ ਤੱਕ ਇਸ ਦੀਆਂ 12 ਕਿਸ਼ਤਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਹੋ ਚੁੱਕੀਆਂ ਹਨ।
ਪਰ ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਦੇ ਕਰੀਬ ਦੋ ਕਰੋੜ ਕਿਸਾਨ ਇਸ ਯੋਜਨਾ ਦੀ ਪਿਛਲੀ ਕਿਸ਼ਤ ਤੋਂ ਵਾਂਝੇ ਰਹਿ ਗਏ ਸਨ। ਇਸ ਦਾ ਇੱਕ ਮੁੱਖ ਕਾਰਨ ਕੇਂਦਰੀ ਡੇਟਾਬੇਸ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਲਾਭਪਾਤਰੀਆਂ ਦੇ ਰਿਕਾਰਡ ਦਾ ਅੱਪਡੇਟ ਨਾ ਹੋਣਾ ਸੀ।
ਪਾਰਦਰਸ਼ਤਾ ਬਣਾਈ ਰੱਖਣ ਅਤੇ ਧੋਖਾਧੜੀ ਨੂੰ ਘੱਟ ਕਰਨ ਲਈ ਕੇਂਦਰ ਵੱਲੋਂ ਇਨ੍ਹਾਂ ਰਿਕਾਰਡਾਂ ਨੂੰ ਅੱਪਡੇਟ ਕਰਨਾ ਲਾਜ਼ਮੀ ਕੀਤਾ ਗਿਆ ਸੀ। ਹੁਣ ਸੂਬਾ ਸਰਕਾਰਾਂ ਫਰਵਰੀ ਵਿੱਚ ਜਾਰੀ ਹੋਣ ਵਾਲੀ ਅਗਲੀ ਕਿਸ਼ਤ ਤੋਂ ਪਹਿਲਾਂ ਕੇਂਦਰੀ ਡੇਟਾਬੇਸ ਵਿੱਚ ਕਿਸਾਨਾਂ ਦੇ ਰਿਕਾਰਡ ਨੂੰ ਅਪਡੇਟ ਕਰਨ ਲਈ ਜ਼ੋਰ ਦੇ ਰਹੀਆਂ ਹਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਸਬੰਧੀ 13 ਜਨਵਰੀ ਨੂੰ ਹੁਕਮ ਜਾਰੀ ਕੀਤਾ ਹੈ।
12ਵੀਂ ਕਿਸ਼ਤ 'ਚ ਇੰਨੇ ਘੱਟ ਹੋ ਗਏ ਲਾਭਪਾਤਰੀ
ਕੇਂਦਰ ਸਰਕਾਰ ਨੇ ਪਿਛਲੇ ਸਾਲ 31 ਮਈ ਨੂੰ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ 11ਵੀਂ ਕਿਸ਼ਤ ਵਜੋਂ 10.45 ਕਰੋੜ ਕਿਸਾਨਾਂ ਨੂੰ 22,552 ਕਰੋੜ ਰੁਪਏ ਅਦਾ ਕੀਤੇ ਸਨ। ਇਸ ਸਕੀਮ ਤਹਿਤ ਇਹ ਹੁਣ ਤੱਕ ਦਾ ਸਭ ਤੋਂ ਵੱਧ ਭੁਗਤਾਨ ਸੀ।
ਜਦੋਂ ਕਿ ਪਿਛਲੇ ਸਾਲ 17 ਅਕਤੂਬਰ ਨੂੰ ਜਦੋਂ ਕਿਸਾਨਾਂ ਨੂੰ 12ਵੀਂ ਕਿਸ਼ਤ ਜਾਰੀ ਕੀਤੀ ਗਈ ਸੀ ਤਾਂ ਇਨ੍ਹਾਂ ਦੀ ਗਿਣਤੀ ਘਟ ਕੇ 8.42 ਕਰੋੜ ਰਹਿ ਗਈ ਸੀ। ਇਸ ਦੇ ਨਾਲ ਹੀ ਭੁਗਤਾਨ ਵੀ ਘਟ ਕੇ ਮਹਿਜ਼ 17,443 ਕਰੋੜ ਰੁਪਏ ਰਹਿ ਗਿਆ।
ਕਈ ਰਾਜ ਹੁਣ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਉੱਤਰ ਪ੍ਰਦੇਸ਼ ਸਰਕਾਰ ਨੇ 13 ਜਨਵਰੀ ਨੂੰ ਹੁਕਮ ਜਾਰੀ ਕੀਤਾ ਹੈ ਕਿ ਆਉਣ ਵਾਲੀ 13ਵੀਂ ਕਿਸ਼ਤ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦਾ ਰਿਕਾਰਡ ਚਾਰ ਸ਼ਰਤਾਂ ਪੂਰੀਆਂ ਕਰਦਾ ਹੈ।
ਇਨ੍ਹਾਂ ਸ਼ਰਤਾਂ 'ਚ ਪਹਿਲੀ ਸ਼ਰਤ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਨੂੰ ਅਪਡੇਟ ਕਰਨ ਦੀ ਹੈ, ਦੂਜੀ ਸ਼ਰਤ ਪੀਐੱਮ-ਕਿਸਾਨ ਪੋਰਟਲ 'ਤੇ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ, ਤੀਜੀ ਸ਼ਰਤ ਕਿਸਾਨ ਦੇ ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨਾ ਹੈ ਅਤੇ ਚੌਥੀ ਸ਼ਰਤ ਕਿਸਾਨ ਦੇ ਖਾਤੇ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨਾਲ ਲਿੰਕ ਕਰਨ ਦੀ ਸ਼ਰਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kisan credit card, PM Kisan Scheme