ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ 'ਤੇ ਦੇਸ਼ ਭਰ ਦੇ ਪ੍ਰਮੁੱਖ ਸਿੱਖ ਹਸਤੀਆਂ ਨਾਲ ਮੁਲਾਕਾਤ ਕੀਤੀ। ਚੋਣਾਂ ਦੇ ਮਾਹੌਲ ਵਿੱਚ ਪੀਐੱਮ ਮੋਦੀ ਦੀ ਵੱਡੇ ਸਿੱਖ ਆਗੂਆਂ ਨਾਲ ਅਹਿਮ ਮੁਲਾਕਾਤ ਵਿੱਚ ਦਿੱਲੀ ਸਿੱਖ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ, ਵਾਤਾਵਰਣ ਪ੍ਰੇਮੀ ਪਦਮ ਸ੍ਰੀ ਬਾਬਾ ਬਲਬੀਰ ਸਿੰਘ ਸੀਚੇਵਾਲ, ਪਟਨਾ ਸਾਹਿਬ ਤੋਂ ਜਥੇਦਾਰ, ਹਜ਼ੂਰ ਸਾਹਿਬ ਕਮੇਟੀ ਦੇ ਜਥੇਦਾਰ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਲੋਕ ਸ਼ਾਮਲ ਸਨ।
ਮੀਟਿੰਗ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਕਈ ਮੁੱਦੇ ਰੱਖੇ ਅਤੇ ਸਿੱਖ ਯੂਨੀਵਰਸਿਟੀ ਬਣਾਉਣ ਸਮੇਤ ਕੁਝ ਮੰਗਾਂ ਵੀ ਕੀਤੀਆਂ। ਕਾਲਕਾ ਨੇ ਕਿਹਾ ਕਿ ਮੀਟਿੰਗ ਦਾ ਕੋਈ ਸਿਆਸੀ ਏਜੰਡਾ ਨਹੀਂ ਸੀ।
ਸ਼੍ਰੀ ਗੁਰੂ ਸਿੰਘ ਸਭਾ, ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਨੇ ਕਿਹਾ, “ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਹੈ। ਗੈਰ-ਸਿਆਸੀ ਲੋਕਾਂ ਨੂੰ ਬੁਲਾਇਆ ਗਿਆ ਅਤੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੀਟਿੰਗ ਗੈਰ-ਸਿਆਸੀ ਸੀ।''
ਪੀਐਮ ਮੋਦੀ ਨੇ ਟਵੀਟ ਕੀਤਾ, "ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਸਿੱਖ ਭਾਈਚਾਰੇ ਦੀਆਂ ਇਨ੍ਹਾਂ ਮਾਣਯੋਗ ਸ਼ਖਸੀਅਤਾਂ ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਯਤਨਾਂ ਦੀ ਸ਼ਲਾਘਾ ਕੀਤੀ ਹੈ।"
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ "ਕੇਂਦਰ ਸਰਕਾਰ ਦੇ ਵੱਖ-ਵੱਖ ਉਪਰਾਲਿਆਂ 'ਤੇ ਸਿੱਖ ਕੌਮ ਦੇ ਪਤਵੰਤੇ ਸੱਜਣਾਂ ਵੱਲੋਂ ਦਿੱਤੇ ਪਿਆਰ ਭਰੇ ਸ਼ਬਦਾਂ ਤੋਂ ਮੈਂ ਨਿਮਾਣਾ ਹੋਇਆ। ਮੈਂ ਇਸ ਨੂੰ ਆਪਣਾ ਮਾਣ ਸਮਝਦਾ ਹਾਂ ਕਿ ਸਤਿਕਾਰਤ ਸਿੱਖ ਗੁਰੂਆਂ ਨੇ ਮੇਰੇ ਤੋਂ ਸੇਵਾ ਲਈ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਨੇ ਮੈਨੂੰ ਸਮਾਜ ਲਈ ਕੰਮ ਕਰਨ ਦੇ ਯੋਗ ਬਣਾਇਆ ਹੈ"।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਯਮੁਨਾਨਗਰ ਸੇਵਾਪੰਥੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਮੋਦੀ ਨੇ ਕਰਤਾਰਪੁਰ ਲਾਂਘੇ, ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ ਦੇ ਬਾਲ ਦਿਵਸ ਤੋਂ ਇਲਾਵਾ ਲਖਪਤ ਸਾਹਿਬ ਗੁਰਦੁਆਰਾ ਸਾਹਿਬ ਅਤੇ ਗੁਰੂ ਕੇ ਲੰਗਰ ਦਾ ਜੀ.ਐੱਸ.ਟੀ ਹੁਰਾਂ ਵਰਗੇ ਸਿੱਖ ਧਰਮ ਲਈ ਬਹੁਤ ਕੰਮ ਕੀਤੇ ਹਨ। ਨਰਿੰਦਰ ਮੋਦੀ ਜੀ ਨੇ ਇੱਕ ਗੱਲ ਕਹੀ ਹੈ ਕਿ ਮੈਂ ਆਪਣੇ ਖੂਨ ਵਿੱਚ ਸਿੱਖਿਆ ਹੈ, ਸੇਵਾ ਮੇਰੇ ਖੂਨ ਵਿੱਚ ਹੈ, ਮੈਂ ਜੋ ਵੀ ਕਰਦਾ ਹਾਂ, ਆਪਣੇ ਦਿਲ ਨਾਲ ਕਰਦਾ ਹਾਂ।
ਮੁਲਾਕਾਤ ਤੋਂ ਬਾਅਦ ਕੀ ਸਿੱਖ ਆਗੂਆਂ ਨੇ ਕੀਤੀ ਪੀਐੱਮ ਦੀ ਪ੍ਰਸ਼ੰਸਾ-
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ- 'ਮੋਦੀ ਜੀ ਦੇ ਮਨ ਵਿੱਚ ਸਿੱਖਾਂ ਲਈ ਪਿਆਰ ਹੈ। ਉਨ੍ਹਾਂ ਨੇ ਪਿਛਲੇ ਸੱਤ ਸਾਲਾਂ ਵਿੱਚ ਸਿੱਖਾਂ ਲਈ ਬਹੁਤ ਕੰਮ ਕੀਤੇ ਹਨ। ਉਸ ਨੇ ਦਿੱਲੀ ਵਿੱਚ SIT ਬਣਾ ਕੇ 1984 ਦੇ ਦੰਗਿਆਂ ਲਈ ਸੱਜਣ ਕੁਮਾਰ ਨੂੰ ਅੰਦਰ ਕਰ ਲਿਆ। ਕਰਤਾਰਪੁਰ ਲਾਂਘਾ ਜੋ ਸਿੱਖਾਂ ਦੇ ਜਜ਼ਬੇ ਨੂੰ ਦੇਖਦੇ ਹੋਏ ਬਣਾਇਆ ਗਿਆ ਸੀ, ਅੱਜ ਹਜ਼ਾਰਾਂ ਲੋਕ ਉੱਥੇ ਜਾਂਦੇ ਹਨ। ਉਨਾਂ ਨੂੰ ਗੁਰੂਆਂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਜੋ ਚੀਜ਼ਾਂ ਉਨਾਂ ਨੇ ਅੱਜ ਰੱਖੀਆਂ ਹਨ ਉਹ ਸੱਚਮੁੱਚ ਇਤਿਹਾਸਕ ਹਨ।'
ਸਿੱਖ ਫੋਰਮ ਨਵੀਂ ਦਿੱਲੀ ਦੇ ਪ੍ਰਧਾਨ ਰਵਿੰਦਰ ਸਿੰਘ ਆਹੂਜਾ ਨੇ ਕਿਹਾ ਕਿ 'ਪ੍ਰਧਾਨ ਮੰਤਰੀ ਮੋਦੀ ਸਿੱਖ ਧਰਮ ਗ੍ਰੰਥਾਂ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ। ਸਿੱਖ ਗ੍ਰੰਥਾਂ ਦੀ ਸਮਝ, ਭਾਸ਼ਾ, ਸਿੱਖਾਂ ਦੀ ਸੇਵਾ, ਜਿੰਨੀ ਸਮਝ ਸ਼ਾਇਦ ਹੀ ਕਿਸੇ ਹੋ ਪ੍ਰਧਾਨ ਮੰਤਰੀ ਕੋਲ ਹੋਵੇਗੀ। ਉਨ੍ਹਾਂ ਨੇ 1984 ਦੇ ਦੰਗਿਆਂ ਬਾਰੇ ਜੋ SIT ਬਣਾਈ ਸੀ, 84 ਦੇ ਕਾਨਪੁਰ ਵਿੱਚ ਮਾਰੇ ਗਏ ਕੇਸ ਵੀ ਮੁੜ ਖੋਲ੍ਹੇ ਗਏ ਹਨ, ਮੇਰੇ ਹਿਸਾਬ ਨਾਲ ਇਹ ਬਹੁਤ ਮਹੱਤਵਪੂਰਨ ਮੁੱਦੇ ਸਨ, ਜਿਨ੍ਹਾਂ ਨੂੰ ਸਹੀ ਦਿਸ਼ਾ ਵਿੱਚ ਲਿਆ ਗਿਆ ਸੀ।'
ਸਿੰਘ ਸਭਾ ਗੁਰਦੁਆਰਾ ਸਾਹਿਬ, ਇੰਦੌਰ, ਮੱਧ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਨੇ 'ਕਿਹਾ ਕਿ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੇ ਸਿੱਖਾਂ, ਦੇਸ਼ ਨੂੰ ਵਿਸ਼ਵ ਪੱਧਰ 'ਤੇ ਮਜ਼ਬੂਤ ਕੀਤਾ ਹੈ। ਉਹ ਜਾਣਦੇ ਹਨ ਕਿ ਦੇਸ਼ ਦੀ ਸ਼ਹਾਦਤ ਵਿੱਚ ਸਿੱਖਾਂ ਦਾ ਵੱਡਮੁੱਲਾ ਯੋਗਦਾਨ ਹੈ ਅਤੇ ਸਿੱਖ ਕੌਮ ਸੇਵਾ ਨੂੰ ਸਮਰਪਿਤ ਹੈ।'
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵੀਰ ਬਾਲ ਦਿਵਸ ਵਜੋਂ ਮਨਾਏ ਜਾਣ ਦਾ ਐਲਾ ਕਰਨ, ਗੁਰੂ ਦੇ ਲੰਗਰਾਂ ਤੋਂ ਜੀ.ਐਸ.ਟੀ ਹਟਾਉਣਾ ਆਦਿਕ ਬਹੁਤ ਸਾਰੇ ਕੰਮ ਕੀਤੇ ਗਏ ਹਨ।ਜਿਸ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਹਾਂ।'
ਸਿੱਖ ਆਗੂਆਂ ਦੇ ਵਫ਼ਦ ਦੀ ਅਗਵਾਈ ਸੀਨੀਅਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੇਖਿਆ ਗਿਆ ਕਿ ਸਿੱਖਾਂ ਨੇ ਪ੍ਰਧਾਨ ਮੰਤਰੀ ਨੂੰ “ਕਿਰਪਾਨ” ਵੀ ਦਿੱਤੀ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਕੁਝ ਪ੍ਰਮੁੱਖ ਸਿੱਖਾਂ ਦੇ ਨਾਮ:
-ਹਰਮੀਤ ਸਿੰਘ ਕਾਲਕਾ, ਪ੍ਰਧਾਨ, ਦਿੱਲੀ ਗੁਰਦੁਆਰਾ ਕਮੇਟੀ।
-ਪਦਮ ਸ੍ਰੀ ਬਾਬਾ ਬਲਬੀਰ ਸਿੰਘ ਸੀਚੇਵਾਲ (ਸੁਲਤਾਨਪੁਰ ਲੋਧੀ)।
-ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾਪੰਥੀ ਯਮੁਨਾ ਨਗਰ।
-ਬਾਬਾ ਜੋਗਾ ਸਿੰਘ, ਡੇਰਾ ਬਾਬਾ ਜੰਗ ਸਿੰਘ (ਨਾਨਕਸਰ) ਕਰਨਾਲ।
-ਸੰਤ ਬਾਬਾ ਮੇਜਰ ਸਿੰਘ ਵਾਲਾ, ਮੁਖੀ ਡੇਰਾ ਬਾਬਾ ਤਾਰਾ ਸਿੰਘ ਵਾਲਾ, ਅੰਮ੍ਰਿਤਸਰ।
-ਜਥੇਦਾਰ ਬਾਬਾ ਸਾਹਿਬ ਸਿੰਘ ਜੀ, ਕਾਰ ਸੇਵਾ ਆਨੰਦਪੁਰ ਸਾਹਿਬ।
-ਸੁਰਿੰਦਰ ਸਿੰਘ ਨਾਮਧਾਰੀ ਦਰਬਾਰ (ਭੇਣੀ ਸਾਹਿਬ)।
-ਬਾਬਾ ਜੱਸਾ ਸਿੰਘ ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ।
-ਡਾ: ਹਰਭਜਨ ਸਿੰਘ, ਦਮਦਮੀ ਟਕਸਾਲ, ਚੌਕ ਮਹਿਤਾ।
-ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ।
ਜ਼ਿਕਰਯੋਗ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਸਖ਼ਤ ਸੰਘਰਸ਼ ਕਰ ਰਹੀ ਹੈ ਤੇ ਇਸੇ ਕੜੀ ਵੱਜੋਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਹੀ ਪੀਐੱਮ ਮੋਦੀ ਦੀ ਇਹ ਮੀਟਿੰਗ ਅਹਿਮ ਹੈ। ਭਾਜਪਾ ਸਿੱਖ ਭਾਈਚਾਰੇ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਦੀ ਅਗਵਾਈ ਵਾਲੇ ਧੜੇ ਨਾਲ ਗੱਠਜੋੜ ਕਰਕੇ ਮਜ਼ਬੂਤ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।
ਚੋਣਾਂ ਤੋਂ ਪਹਿਲਾਂ ਹੋਏ ਸਰਵੇਖਣਾਂ ਪੰਜਾਬ ਚੋਣਾਂ ਵਿੱਚ ਬੀਜੇਪੀ ਦਾ ਚੰਗਾ ਪ੍ਰਦਰਸ਼ਨ ਨਹੀਂ ਸਾਹਮਣੇ ਆਇਆ। ਭਾਜਪਾ ਦੇ ਸੰਭਾਵੀ ਮਾੜੇ ਪ੍ਰਦਰਸ਼ਨ ਦਾ ਇੱਕ ਕਾਰਨ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨ ਹਨ। ਜਿੰਨਾਂ ਨੂੰ ਕਿਸਾਨ ਅੰਦੋਲਕ ਕਾਰਨ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਸੀ। ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਸਾਲ ਭਰ ਚੱਲੇ ਕਿਸਾਨ ਸੰਘਰਸ਼ ਨੇ ਪੰਜਾਬ ਵਿੱਚ ਭਾਜਪਾ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Narendra modi, Prime Minister, Punjab Election 2022, Sikhs