ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹੈਦਰਾਬਾਦ ਦੇ ਸ਼ਮਸ਼ਾਬਾਦ ਸਥਿਤ ਮੰਦਰ 'ਚ 11ਵੀਂ ਸਦੀ ਦੇ ਸੰਤ ਸ਼੍ਰੀ ਰਾਮਾਨੁਜਾਚਾਰੀਆ (Saint Sri Ramanujacharya) ਦੀ ਯਾਦ 'ਚ ‘ਸਟੈਚੂ ਆਫ਼ ਇਕਲਿਟੀ' (Statue of Equality) ਰਾਸ਼ਟਰ ਨੂੰ ਸਮਰਪਿਤ ਕੀਤੀ। ਇਸ ਮੂਰਤੀ ਦੀ ਉਚਾਈ 216 ਫੁੱਟ ਹੈ। ਮੂਰਤੀ ਵਿੱਚ ਸੰਤ ਨੂੰ ਹੱਥ ਜੋੜ ਕੇ ਪਦਮਾਸਨ ਵਿੱਚ ਬੈਠੇ ਦਿਖਾਇਆ ਗਿਆ ਹੈ। ਮੂਰਤੀ 'ਪੰਚਲੋਹਾ' ਦੀ ਬਣੀ ਹੋਈ ਹੈ, ਜੋ ਪੰਜ ਧਾਤਾਂ- ਸੋਨਾ, ਚਾਂਦੀ, ਤਾਂਬਾ, ਪਿੱਤਲ ਅਤੇ ਜ਼ਿੰਕ ਦਾ ਸੁਮੇਲ ਹੈ। ਇਹ ਬੈਠਣ ਦੀ ਸਥਿਤੀ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਧਾਤ ਦੀਆਂ ਮੂਰਤੀਆਂ ਵਿੱਚੋਂ ਇੱਕ ਹੈ।
ਇਹ ਮੂਰਤੀ 'ਭਦਰ ਵੇਦੀ' ਨਾਂ ਦੀ 54 ਫੁੱਟ ਉੱਚੀ ਬੇਸ ਇਮਾਰਤ 'ਤੇ ਲਗਾਈ ਗਈ ਹੈ, ਜਿਸ ਦੀਆਂ ਮੰਜ਼ਿਲਾਂ ਵੈਦਿਕ ਡਿਜੀਟਲ ਲਾਇਬ੍ਰੇਰੀ ਅਤੇ ਖੋਜ ਕੇਂਦਰ, ਪ੍ਰਾਚੀਨ ਭਾਰਤੀ ਗ੍ਰੰਥਾਂ, ਇੱਕ ਥੀਏਟਰ, ਇੱਕ ਵਿਦਿਅਕ ਗੈਲਰੀ ਨੂੰ ਸਮਰਪਿਤ ਹਨ, ਜਿੱਥੇ ਸ਼੍ਰੀ ਰਾਮਾਨੁਜਾਚਾਰੀਆ ਦੀਆਂ ਕਈ ਰਚਨਾਵਾਂ ਦਾ ਵਰਣਨ ਕੀਤਾ ਗਿਆ ਹੈ।
ਇਸ ਮੂਰਤੀ ਦੀ ਕਲਪਨਾ ਸ਼੍ਰੀ ਰਾਮਾਨੁਜਾਚਾਰੀਆ ਆਸ਼ਰਮ ਦੇ ਸ਼੍ਰੀ ਚਿਨਾ ਜੈਅਰ ਸਵਾਮੀ ਦੁਆਰਾ ਕੀਤੀ ਗਈ ਸੀ, ਜਿਸ ਨੂੰ ਹੁਣ ਇੱਕ ਸਰੀਰਿਕ ਰੂਪ ਦਿੱਤਾ ਗਿਆ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮਾਨਤਾ ਦੀ ਮੂਰਤੀ ਦਾ ਉਦਘਾਟਨ 12 ਦਿਨਾਂ ਦੇ ਸ਼੍ਰੀ ਰਾਮਾਨੁਜ ਮਿਲੇਨੀਅਮ ਸਮਾਰੋਹ ਦਾ ਹਿੱਸਾ ਹੈ, ਜੋ ਕਿ ਸ਼੍ਰੀ ਰਾਮਾਨੁਜਾਚਾਰੀਆ ਦੀ 1000ਵੀਂ ਜਯੰਤੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦੇ ਪਾਟਨਚੇਰੂ ਵਿਖੇ ਇੰਟਰਨੈਸ਼ਨਲ ਕਰੌਪ ਰਿਸਰਚ ਇੰਸਟੀਚਿਊਟ ਫਾਰ ਸੇਮੀ ਟ੍ਰੌਪਿਕਸ (ICRISAT) ਕੈਂਪਸ ਦਾ ਦੌਰਾ ਕਰਕੇ ਸੰਸਥਾ ਦੀ 50ਵੀਂ ਵਰ੍ਹੇਗੰਢ ਸਮਾਰੋਹ ਦਾ ਉਦਘਾਟਨ ਕਰਦਿਆਂ 'ਡਿਜੀਟਲ ਖੇਤੀ' ਨੂੰ ਭਾਰਤ ਦਾ ਭਵਿੱਖ ਦੱਸਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨ ਇਸ ਵਿੱਚ ਵਧੀਆ ਕੰਮ ਕਰ ਸਕਦੇ ਹਨ।
ਪੀਐਮ ਨੇ ਕਿਹ ਕਿ ਉਨ੍ਹਾਂ ਦੀ ਸਰਕਾਰ ਦਾ ਵਿਸ਼ੇਸ਼ ਧਿਆਨ ਦੇਸ਼ ਦੇ 80 ਫੀਸਦੀ ਤੋਂ ਵੱਧ ਛੋਟੇ ਕਿਸਾਨਾਂ 'ਤੇ ਹੈ ਅਤੇ ਇਹ ਉਨ੍ਹਾਂ ਨੂੰ ਹਜ਼ਾਰਾਂ ਕਿਸਾਨ ਉਤਪਾਦਕ ਸੰਗਠਨਾਂ (ਐੱਫ.ਪੀ.ਓ.) 'ਚ ਸੰਗਠਿਤ ਕਰਕੇ ਜਾਗਰੂਕ ਅਤੇ ਬਾਜ਼ਾਰ ਸ਼ਕਤੀ ਬਣਾਉਣਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਕੁਦਰਤੀ ਖੇਤੀ ਅਤੇ 'ਡਿਜੀਟਲ ਖੇਤੀ' 'ਤੇ ਬੇਮਿਸਾਲ ਜ਼ੋਰ ਦਿੱਤਾ ਗਿਆ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Basant Panchami, Hyderabad, Narendra modi, PM