ਨਵੀਂ ਦਿੱਲੀ: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ (Navjot Singh Sidhu) ਪਹਿਲੀ ਵਾਰੀ ਉਚ ਆਗੂਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਖ਼ਬਰ ਹੈ ਕਿ ਉਹ ਪਾਰਟੀ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਲਈ ਅੱਜ (ਵੀਰਵਾਰ) ਨੂੰ ਦਿੱਲੀ ਪੁੱਜਣਗੇ। ਪੰਜਾਬ ਕਾਂਗਰਸ ਦੇ ਇੰਚਾਰਜ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (Harish Rawat) ਨੇ ਵੀ ਇਸ ਸਬੰਧੀ ਟਵਿੱਟਰ 'ਤੇ ਜਾਣਕਾਰੀ ਦਿੱਤੀ ਸੀ। ਸਿੱਧੂ ਨੇ 28 ਸਤੰਬਰ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਸੌਂਪਿਆ ਸੀ।
ਵੀਰਵਾਰ ਨੂੰ ਦਿੱਲੀ ਪੁੱਜ ਰਹੇ ਸਿੱਧੂ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਰਾਵਤ ਨਾਲ ਮੁਲਾਕਾਤ ਕਰਨਗੇ। ਰਾਵਤ ਨੇ 12 ਅਕਤੂਬਰ ਨੂੰ ਟਵੀਟ ਕੀਤਾ ਸੀ, ''ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਕਮੇਟੀ ਨਾਲ ਜੁੜੇ ਸੰਗਠਨ ਦੇ ਮੁੱਦਿਆਂ ਸਬੰਧੀ ਮੈਨੂੰ ਅਤੇ ਕੇਸੀ ਵੇਣੂਗੋਪਾਲ ਨੂੰ ਮਿਲਣਗੇ।'' ਰਾਵਤ ਨੇ ਦੱਸਿਆ ਸੀ ਕਿ ਇਹ ਮੀਟਿੰਗ ਵੇਣੂਗੋਪਾਲ ਦੇ ਦਫ਼ਤਰ ਵਿੱਚ ਹੋਵੇਗੀ।
ਨਵਜੋਤ ਸਿੱਧੂ ਨੇ 28 ਸਤੰਬਰ ਨੂੰ ਪਾਰਟੀ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਆਪਣਾ ਅਸਤੀਫਾ ਦਿੱਤਾ ਸੀ। ਹਾਲਾਂਕਿ ਉਸ ਦੇ ਅਸਤੀਫੇ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ। ਕਾਂਗਰਸ ਹਾਈਕਮਾਨ ਅਤੇ ਸਿੱਧੂ ਦੋਵਾਂ ਵੱਲੋਂ ਇਸ ਮਾਮਲੇ 'ਤੇ ਵੱਡੀ ਟਿੱਪਣੀ ਨਹੀਂ ਆਈ ਹੈ। ਅਹੁਦਾ ਛੱਡਣ ਦਾ ਐਲਾਨ ਕਰਨ ਤੋਂ ਕੁੱਝ ਦਿਨਾਂ ਬਾਅਦ ਹੀ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਕਿਆਸਰਾਈਆਂ ਸਨ ਕਿ ਸਿੱਧੂ ਅਸਤੀਫਾ ਵਾਪਸ ਲੈ ਸਕਦੇ ਹਨ।
ਖਾਸ ਗੱਲ ਇਹ ਹੈ ਕਿ ਸਿੱਧੂ ਦੀ ਉਚ ਆਗੂਆਂ ਨਾਲ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਦੋ ਦਿਨਾਂ ਦਾ ਸਮਾਂ ਬਾਕੀ ਹੈ। ਕਿਹਾ ਜਾ ਰਿਹਾ ਹੈ ਕਿ CWC ਮੀਟਿੰਗ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਚਰਚਾ ਦਾ ਮੁੱਦਾ ਹੋਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Captain Amarinder Singh, Charanjit Singh Channi, Congress, HARISH, Indian National Congress, Navjot singh sidhu, Punjab Congress, Rahul Gandhi