ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ 2019 ਦੇ ਅਪਰਾਧਕ ਮਾਣਹਾਨੀ ਮਾਮਲੇ 'ਚ ਆਪਣੀ ਦੋਸ਼ਸਿੱਧੀ ਖ਼ਿਲਾਫ਼ ਗੁਜਰਾਤ ਦੇ ਸੂਰਤ ਦੀ ਇੱਕ ਅਦਾਲਤ 'ਚ ਸੋਮਵਾਰ ਨੂੰ ਪਟੀਸ਼ਨ ਦਾਖਲ ਕਰਨ ਜਾ ਰਹੇ ਹਨ ।ਐਤਵਾਰ ਨੂੰ ਸੂਤਰਾਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ ਕਿ ਅਪਰਾਧਕ ਮਾਣਹਾਨੀ ਮਾਮਲੇ 'ਚ 2 ਸਾਲ ਜੇਲ੍ਹ ਦੀ ਸਜ਼ਾ ਦੇਣ ਦੇ ਹੇਠਲੀ ਅਦਾਲਤ ਦੇ ਆਦੇਸ਼ ਖ਼ਿਲਾਫ਼ ਪਟੀਸ਼ਨ ਦਾਇਰ ਕੀਤੇ ਜਾਣ ਦੌਰਾਨ ਰਾਹੁਲ ਗਾਂਧੀ ਦੇ ਸੈਸ਼ਨ ਅਦਾਲਤ 'ਚ ਮੌਜੂਦ ਰਹਿਣ ਦੀ ਸੰਭਾਵਨਾ ਹੈ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਕਾਨੂੰਨ ਟੀਮ ਦੇ ਇੱਕ ਮੈਂਬਰ ਨੇ ਦੱਸਿਆ,''ਸੋਮਵਾਰ ਨੂੰ ਸੂਰਤ ਦੀ ਸੈਸ਼ਨ ਅਦਾਲਤ 'ਚ ਹੇਠਲੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਦੌਰਾਨ ਰਾਹੁਲ ਗਾਂਧੀ ਅਦਾਲਤ 'ਚ ਮੌਜੂਦ ਰਹਿਣਗੇ।''
ਸੂਤਰਾਂ ਦੇ ਮੁਤਾਬਕ ਕਾਂਗਰਸ ਦੇ ਰਾਸ਼ਟਰੀ ਪੱਧਰ ਅਤੇ ਪ੍ਰਦੇਸ਼ ਇਕਾਈ ਦੇ ਆਗੂ ਵੀ ਰਾਹੁਲ ਨਾਲ ਸੂਰਤ ਜਾਣਗੇ। ਸੂਰਤ 'ਚ ਮੁੱਖ ਨਿਆਇਕ ਮੈਜਿਸਟ੍ਰੇਟ ਐੱਚ.ਐੱਚ. ਵਰਮਾ ਦੀ ਅਦਾਲਤ ਨੇ 'ਮੋਦੀ ਸਰਨੇਮ' ਨੂੰ ਲੈ ਕੇ ਰਾਹੁਲ ਵਲੋਂ ਕੀਤੀ ਗਈ ਟਿੱਪਣੀ ਦੇ ਸੰਬੰਧ 'ਚ ਦਾਇਰ ਅਪਰਾਧਕ ਮਾਣਹਾਨੀ ਦੇ ਮੁਕੱਦਮੇ 'ਚ ਉਨ੍ਹਾਂ ਨੂੰ 23 ਮਾਰਚ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਸੀ।
ਅਦਾਲਤ ਨੇ 52 ਸਾਲਾ ਰਾਹੁਲ ਨੂੰ ਭਾਰਤੀ ਦੰਡਾਵਲੀ ਦੀ ਧਾਰਾ 499 ਮਾਣਹਾਨੀ ਅਤੇ 500 ਕਿਸੇ ਵਿਅਕਤੀ ਦੀ ਅਪਰਾਧਕ ਮਾਣਹਾਨੀ ਦੇ ਦੋਸ਼ੀ ਵਿਅਕਤੀ ਲਈ ਸਜ਼ਾ ਦੇ ਅਧੀਨ ਦੋਸ਼ੀ ਠਹਿਰਾਇਆ ਸੀ। ਹਾਲਾਂਕਿ ਅਦਾਲਤ ਨੇ ਰਾਹੁਲ ਨੂੰ ਉਸੇ ਦਿਨ ਜ਼ਮਾਨਤ ਵੀ ਦੇ ਦਿੱਤੀ ਸੀ ਅਤੇ ਉਨ੍ਹਾਂ ਦੀ ਸਜ਼ਾ ਦੇ ਅਮਲ 'ਤੇ 30 ਦਿਨਾਂ ਲਈ ਰੋਕ ਲਗਾ ਦਿੱਤੀ ਸੀ ਤਾਂ ਕਿ ਉਹ ਉੱਪਰੀ ਅਦਾਲਤ 'ਚ ਅਪੀਲ ਦਾਖ਼ਲ ਕਰ ਸਕਣ। ਲੋਕ ਸਭਾ ਸਕੱਤਰੇਤ ਨੇ 24 ਮਾਰਚ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਰਾਹੁਲ ਗਾਂਧੀ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਐਲਾਨ ਕਰ ਦਿੱਤਾ ਸੀ।ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਰਾਹੁਲ ਗਾਂਧੀ ਭਲਕੇ ਦੋਸ਼ਸਿੱਧੀ ਖ਼ਿਲਾਫ਼ ਗੁਜਰਾਤ ਦੇ ਸੂਰਤ ਦੀ ਇੱਕ ਅਦਾਲਤ 'ਚ ਸੋਮਵਾਰ ਨੂੰ ਪਟੀਸ਼ਨ ਦਾਖਲ ਕਰਨ ਜਾ ਰਹੇ ਹਨ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Defamation, Gujrat news, Narendra modi, Petition, Rahul Gandhi, Surat News