ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿਚ ਐਤਵਾਰ ਨੂੰ ਤਿੰਨ ਵੱਖ-ਵੱਖ ਹਾਦਸਿਆਂ ਵਿਚ ਨਹਿਰ ਅਤੇ ਚੰਬਲ ਨਦੀ ਵਿਚ ਸੱਤ ਲੋਕ ਡੁੱਬ ਗਏ। ਇਨ੍ਹਾਂ ਵਿਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਤਿੰਨਾਂ ਵਿਅਕਤੀਆਂ ਦੀ ਭਾਲ ਜਾਰੀ ਹੈ। ਇੱਕੋ ਦਿਨ ਵਿੱਚ ਸੱਤ ਵਿਅਕਤੀਆਂ ਦੇ ਨਹਿਰ ਵਿੱਚ ਡੁੱਬਣ ਦੀ ਘਟਨਾ ਕਾਰਨ ਜ਼ਿਲ੍ਹੇ ਵਿੱਚ ਸਨਸਨੀ ਫੈਲ ਗਈ।
ਪੁਲਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਜੁਟੀਆਂ ਹੋਈਆਂ ਹਨ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਘਰਾਂ 'ਚ ਮਾਤਮ ਛਾ ਗਿਆ ਹੈ। ਕੋਟਾ-ਬੁੰਦੀ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਇਨ੍ਹਾਂ ਘਟਨਾਵਾਂ 'ਤੇ ਦੁੱਖ ਪ੍ਰਗਟ ਕੀਤਾ ਹੈ।
ਜਾਣਕਾਰੀ ਮੁਤਾਬਕ ਕੋਟਾ ਵਿਚ ਤਿੰਨ ਵੱਖ-ਵੱਖ ਹਾਦਸਿਆਂ 'ਚ 7 ਲੋਕ ਨਹਿਰ ਅਤੇ ਨਦੀ 'ਚ ਡੁੱਬ ਗਏ ਹਨ। ਇਕ ਤੋਂ ਬਾਅਦ ਇਕ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਵਿਚ ਵੀ ਹੜਕੰਪ ਮਚ ਗਿਆ।
ਪਹਿਲਾ ਹਾਦਸਾ ਸੁਲਤਾਨਪੁਰ ਥਾਣਾ ਖੇਤਰ ਦੇ ਪਿੰਡ ਡਾਬਰ ਵਿਚ ਹੋਇਆ। ਉੱਥੇ ਹੀ 3 ਚਚੇਰੀਆਂ ਭੈਣਾਂ ਨਹਿਰ 'ਚ ਨਹਾਉਂਦੇ ਸਮੇਂ ਡੁੱਬ ਗਈਆਂ। ਇਨ੍ਹਾਂ ਵਿੱਚੋਂ ਦੋ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਦਕਿ ਇੱਕ ਭੈਣ ਅਜੇ ਲਾਪਤਾ ਹੈ।
ਇਸ ਹਾਦਸੇ ਵਿਚ ਅਰਚਨਾ (16) ਪੁੱਤਰੀ ਯੁਧਿਸ਼ਟਰ ਵਾਸੀ ਡਾਬਰ ਅਤੇ ਉਸ ਦੀ ਮਾਸੀ ਦੀ ਧੀ ਰਾਧਾ (18) ਪੁੱਤਰੀ ਸਤਿਆਨਾਰਾਇਣ ਵਾਸੀ ਖੇੜਲੀ ਮਹਾਦੀਪ ਦੀ ਮੌਤ ਹੋ ਗਈ। ਉਸ ਦੀ ਤੀਜੀ ਭੈਣ ਨੰਦਨੀ (12) ਪੁੱਤਰੀ ਧਨਰਾਜ ਵਾਸੀ ਡਾਬਰ ਦੀ ਭਾਲ ਜਾਰੀ ਹੈ। ਦੂਜੀ ਘਟਨਾ ਵੀ ਸੁਲਤਾਨਪੁਰ ਥਾਣਾ ਖੇਤਰ ਦੇ ਨੋਤਾਡਾ ਦੇ ਅਮਰਪੁਰਾ ਰੋਡ 'ਤੇ ਸਥਿਤ ਨਹਿਰ 'ਚ ਵਾਪਰੀ। ਉਥੇ ਨਹਾਉਂਦੇ ਸਮੇਂ ਦੋ ਬੱਚੇ ਡੁੱਬ ਗਏ।
ਤੀਜੀ ਘਟਨਾ ਕੋਟਾ ਸ਼ਹਿਰ ਦੇ ਆਰਕੇਪੁਰਮ ਥਾਣਾ ਖੇਤਰ ਵਿੱਚ ਵਾਪਰੀ। ਉੱਥੇ ਰਾਹਗੀਰਾਂ ਨੇ ਚੰਬਲ ਨਦੀ 'ਚ ਪੁਲ ਦੇ ਕੋਲ ਇੱਕ ਨੌਜਵਾਨ ਨੂੰ ਛਾਲ ਮਾਰਦੇ ਦੇਖਿਆ। ਸੂਚਨਾ ਮਿਲਣ 'ਤੇ ਪੁਲਿਸ ਅਤੇ ਨਿਗਮ ਦੇ ਗੋਤਾਖੋਰ ਦੀ ਟੀਮ ਮੌਕੇ 'ਤੇ ਪਹੁੰਚ ਗਈ। ਨਦੀ 'ਚ ਡੁੱਬੇ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।