ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਜੈਅੰਤੀ ਮੌਕੇ ਸਾਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।20 ਅਗਸਤ 1944 ਨੂੰ ਜਨਮੇ ਰਾਜੀਵ ਗਾਂਧੀ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ। 1984 ਵਿਚ ਇੰਦਰਾ ਦੀ ਹੱਤਿਆ ਤੋਂ ਬਾਅਦ, ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ, ਉਸ ਵੇਲੇ ਉਹ 40 ਸਾਲ ਦੇ ਸਨ। ਰਾਜੀਵ ਗਾਂਧੀ ਪਾਇਲਟ ਦੀ ਟ੍ਰੇਨਿੰਗ ਲੈ ਚੁੱਕੇ ਸਨ ਅਤੇ ਰਾਜਨੀਤੀ ਵਿਚ ਆਉਣ ਦੇ ਇਛੁੱਕ ਨਹੀਂ ਸਨ।
ਰਾਜੀਵ ਗਾਂਧੀ ਨੇ ਪਾਇਲਟ ਬਣਨ ਤੋਂ ਪਹਿਲਾਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ ਪਰ ਉਹ ਪੜ੍ਹਾਈ ਪੂਰੀ ਨਹੀਂ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ ਫਲਾਇੰਗ ਕਲੱਬ ਵਿਚ ਦਾਖਲਾ ਲਿਆ ਅਤੇ ਟ੍ਰੇਨਿੰਗ ਕੀਤੀ। 1970 ਵਿਚ ਉਨ੍ਹਾਂ ਨੇ 1970 ਵਿਚ ਏਅਰ ਇੰਡੀਆ ਵਿਚ ਕੰਮ ਕੀਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਜੀਵ ਗਾਂਧੀ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਵੀ ਸੀ। ਫੋਟੋਗ੍ਰਾਫੀ ਬਾਰੇ ਉਹ ਡੂੰਘੀ ਸਮਝ ਰਖਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਵੱਲੋਂ ਖਿਚੀਆਂ ਫੋਟੋਗ੍ਰਾਫਸ ‘ਤੇ ਇਕ ਕਿਤਾਬ ਰਿਲੀਜ਼ ਕਰਵਾਈ। ਇਸ ਕਿਤਾਬ ਦਾ ਨਾਂ- Rajiv’s World- Photographs by Rajiv Gandhi. 1995 ਵਿਚ ਆਈ ਇਸ ਕਿਤਾਬ ਵਿਚ ਜੰਗਲ, ਪਹਾੜ, ਝਰਨੇ ਜਿਹੇ ਕੁਦਰਤੀ ਖੂਬਸੂਰਤੀ, ਰਾਜੀਵ ਦੇ ਪਾਲਤੂ ਜਾਨਵਰ, ਦੋਸਤਾਂ ਅਤੇ ਰਿਸ਼ਤੇਦਾਰਾਂ ਦੀਆਂ ਫੋਟੋਆਂ ਸ਼ਾਮਿਲ ਹਨ। ਰਾਜੀਵ ਗਾਂਧੀ ਇਕਲੌਤੇ ਪ੍ਰਧਾਨ ਮੰਤਰੀ ਸਨ, ਜਿਹੜੇ ਆਪਣੀ ਕਾਰ ਖੁਦ ਚਲਾਉਂਦੇ ਸਨ। ਪ੍ਰਧਾਨ ਮੰਤਰੀ ਰਹਿੰਦਿਆਂ ਅਤੇ ਚੋਣ ਮੁਹਿੰਮਾਂ ਦੌਰਾਨ ਉਹ ਖੁਦ ਡਰਾਇਵ ਕਰਦੇ ਸਨ।
ਸਭ ਜਾਣਦੇ ਹਨ ਕਿ ਰਾਜੀਵ ਗਾਂਧੀ ਰਾਜਨੀਤੀ ਵਿਚ ਆਉਣ ਦੇ ਇਛੁੱਕ ਨਹੀਂ ਸਨ। ਜਦੋਂ ਸੰਜੇ ਗਾਂਧੀ ਦੀ ਜਹਾਜ਼ ਹਾਦਸੇ ਵਿਚ ਮੌਤ ਹੋਈ ਤਾਂ ਉਸ ਮੌਕੇ ਸ਼ੰਕਰਾਚਾਰੀਆ ਸਵਾਮੀ ਸਰੂਪਾਨੰਦ ਜੀ ਪਰਿਵਾਰ ਨੂੰ ਮਿਲਣ ਆਏ ਸਨ। ਸ਼ੰਕਰਾਚਾਰੀਆ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਹੁਣ ਰਾਜੀਵ ਨੂੰ ਲੰਮੇ ਸਮੇਂ ਤਕ ਜਹਾਜ਼ ਨਹੀਂ ਉਡਾਉਣਾ ਚਾਹੀਦਾ। ਇਸ ‘ਤੇ ਇੰਦਰਾ ਗਾਂਧੀ ਨੇ ਕਿਹਾ ਕਿ ਜਹਾਜ਼ ਨਹੀਂ ਉਡਾਏਗਾ ਤਾਂ ਫੇਰ ਕੀ ਕਰੇਗਾ ਤਾਂ ਸ਼ੰਕਰਾਚਾਰੀਆ ਨੇ ਕਿਹਾ ਕਿ ਰਾਜੀਵ ਨੂੰ ਹੁਣ ਆਪਣੇ ਆਪ ਨੂੰ ਦੇਸ਼ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਕਾਂਗਰਸ ਦੇ ਨੇਤਾ ਅਤੇ ਸਾਂਸਦ ਰਾਜੀਵ ਗਾਂਧੀ ਨੂੰ ਰਾਜਨੀਤੀ ਵਿਚ ਆਉਣ ਲਈ ਬੇਨਤੀ ਕਰਨ ਲੱਗੇ। ਇੰਦਰਾ ਗਾਂਧੀ ਨੇ ਰਾਜਨੀਤੀ ਵਿਚ ਆਉਣ ਦਾ ਫੈਸਲਾ ਆਪਣੇ ਪੁੱਤਰ ਉਤੇ ਛੱਡਿਆ ਹੋਇਆ ਸੀ। ਰਾਜੀਵ ਕਹਿੰਦੇ ਸਨ ਜੇਕਰ ਮੇਰੇ ਰਾਜਨੀਤੀ ਵਿਚ ਆਉਣ ਨਾਲ ਮੇਰੀ ਮਾਂ ਨੂੰ ਮਦਦ ਮਿਲਦੀ ਹੈ ਤਾਂ ਮੈਂ ਜ਼ਰੂਰ ਰਾਜਨੀਤੀ ਵਿਚ ਆਵਾਂਗਾ।
ਰਾਜੀਵ ਗਾਂਧੀ ਦੇ ਸਮਾਧੀ ਸਥਾਨ ਵੀਰਭੂਮੀ ਉੱਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਸਾਬਕਾ ਪੀ.ਐਮ. ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਨੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਟਵਿੱਟਰ ਰਾਹੀਂ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Rajiv gandhi