ਚੰਡੀਗੜ੍ਹ: ਰਣਜੀਤ ਸਿੰਘ ਕਤਲ ਕਾਂਡ ਨੂੰ 19 ਸਾਲ ਹੋ ਚੁੱਕੇ ਹਨ ਪਰੰਤੂ ਅੱਜ ਵੀ ਇਸਦੇ ਜ਼ਖ਼ਮ ਅੱਲ੍ਹੇ ਹਨ, ਪਰਿਵਾਰਕ ਮੈਂਬਰ ਇਸ ਨੂੰ ਕਦੇ ਵੀ ਭੁਲਾ ਨਹੀਂ ਸਕਦੇ। ਕਤਲ ਕਾਂਡ ਵਿੱਚ ਭਾਵੇਂ ਡੇਰਾ ਸਿਰਸਾ ਮੁਖੀ ਨੂੰ ਇਸ ਕਤਲ ਲਈ ਅਦਾਲਤ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ, ਪਰ ਪਰਿਵਾਰਕ ਮੈਂਬਰਾਂ ਵਿੱਚ ਪਟਾਕਿਆਂ ਦੀ ਗੂੰਜ ਅੱਜ ਵੀ ਡਰ ਦਾ ਮਾਹੌਲ ਪੈਦਾ ਕਰਦੀ ਹੈ।
ਹਾਲਾਂਕਿ ਡੇਰਾ ਮੁਖੀ ਨੂੰ ਸਜ਼ਾ ਦੇ ਫੈਸਲੇ ਨਾਲ ਪਰਿਵਾਰਕ ਮੈਂਬਰਾਂ ਖ਼ਾਸ ਕਰਕੇ ਰਣਜੀਤ ਸਿੰਘ ਦੇ ਮੁੰਡੇ ਜਗਸੀਰ ਸਿੰਘ ਦੇ ਚਿਹਰੇ 'ਤੇ ਵੱਖਰੀ ਹੀ ਖੁਸ਼ੀ ਹੈ, ਜਿਸ ਨੇ 19 ਸਾਲ ਤੱਕ ਦੀਵਾਲੀ ਨਹੀਂ ਮਨਾਈ ਅਤੇ ਇਸ ਵਾਰ ਦੀਵਾਲੀ ਮਨਾਉਣ ਬਾਰੇ ਕਿਹਾ ਹੈ।
ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਦੇ ਮੁੰਡੇ ਵੱਲੋਂ ਲੰਮੀ ਅਦਾਲਤੀ ਲੜਾਈ ਮਗਰੋਂ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਮਿਲੀ ਹੈ। ਅਦਾਲਤ ਨੇ ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਰਣਜੀਤ ਸਿੰਘ ਦੇ ਕਤਲ ਦੇ ਦੋਸ਼ ਹੇਠ ਗੁਰਮੀਤ ਰਾਮ ਰਹੀਮ ਸਿੰਘ ਸਮੇਤ 5 ਜਣਿਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਜਗਸੀਰ ਸਿੰਘ ਨੇ ਕਿਹਾ ਕਿ ਜਦੋਂ ਉਸ ਦੇ ਪਿਤਾ ਦਾ ਕਤਲ ਹੋਇਆ ਤਾਂ ਉਹ 7 ਸਾਲ ਦਾ ਸੀ। ਉਸ ਨੂੰ ਅੱਜ ਵੀ ਉਹ ਭਿਆਨਕ ਮੰਜਰ ਯਾਦ ਹੈ ਜਦੋਂ ਉਸਦੇ ਪਿਤਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਪਰੰਤੂ ਉਸ ਨੇ ਆਪਣੇ ਪਿਤਾ ਦੇ ਕਾਤਲ ਨੂੰ ਸਜ਼ਾ ਦਿਵਾਉਣ ਲਈ ਹੌਸਲਾ ਨਹੀਂ ਹਾਰਿਆ। ਉਸ ਨੇ ਕਿਹਾ ਕਿ ਕਈ ਵਾਰੀ ਡਰ ਵੀ ਲੱਗਿਆ ਕਿ ਵੱਡੇ ਬੰਦੇ ਨਾਲ ਪਾਲਾ ਪਿਆ ਹੈ, ਕੀ ਪਤਾ ਸਜ਼ਾ ਮਿਲੇਗੀ ਜਾਂ ਮਾਮਲਾ ਰਫਾ ਦਫਾ ਹੋ ਜਾਵੇਗਾ। ਪਰੰਤੂ ਉਸਨੂੰ ਅਦਾਲਤ ਉਪਰ ਪੂਰਾ ਭਰੋਸਾ ਸੀ।
ਡੇਰਾ ਮੁਖੀ ਨੂੰ ਸਜ਼ਾ ਨਾਲ ਖੁਸ਼ੀ ਵਿੱਚ ਭਾਵੁਕ ਹੋਏ ਜਗਸੀਰ ਸਿੰਘ ਨੇ ਕਿਹਾ ਕਿ ਜੇ ਅੱਜ ਉਸ ਦੇ ਦਾਦਾ ਜੀ ਜ਼ਿਉਂਦੇ ਹੁੰਦੇ ਤਾਂ ਉਹ ਆਪਣੇ ਪੁੱਤਰ ਦੇ ਕਾਤਲ ਨੂੰ ਸਜ਼ਾ ਹੁੰਦੀ ਵੇਖ ਕੇ ਬਹੁਤ ਖੁਸ਼ ਹੁੰਦੀ। ਜਗਸੀਰ ਸਿੰਘ ਦੇ ਦਾਦਾ ਜੀ ਦੀ ਮੌਤ 2016 ਵਿੱਚ ਹੋ ਗਈ ਸੀ।
ਜ਼ਿਕਰਯੋਗ ਹੈ ਕਿ 10 ਜੁਲਾਈ 2002 ਨੂੰ ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਨਵਰੀ 2013 ਵਿੱਚ ਰਣਜੀਤ ਸਿੰਘ ਦੇ ਪਿਤਾ ਨੇ ਪੁਲਿਸ ਕਾਰਵਾਈ ਤੋਂ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਹਾਈਕੋਰਟ ਵਿੱਚ ਸੀਬੀਆਈ ਜਾਂਚ ਦੀ ਅਪੀਲ ਕੀਤੀ ਸੀ। ਉਪਰੰਤ 2007 ਵਿੱਚ ਚਾਰਜਸ਼ੀਟ ਦਾਖ਼ਲ ਹੋਏ ਅਤੇ ਲੰਮੀ ਅਦਾਲਤੀ ਪ੍ਰਕਿਰਿਆ ਪਿੱਛੋਂ ਅਖੀਰ 18 ਅਕਤੂਬਰ ਨੂੰ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dera Sacha Sauda, Diwali, Gurmeet Ram Rahim Singh, Murder