Bihar News: ਬਿਹਾਰ ਦੀ ਸਿਹਤ ਵਿਵਸਥਾ 'ਤੇ ਇਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਦੱਸਣਯੋਗ ਮਾਮਲਾ ਇਹ ਹੈ ਕਿ ਖਗੜੀਆ ਜ਼ਿਲ੍ਹੇ 'ਚ ਡਾਕਟਰਾਂ ਦੀ ਲਾਪਰਵਾਹੀ ਇਸ ਤਰ੍ਹਾਂ ਦੇਖਣ ਨੂੰ ਮਿਲੀ ਕਿ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਖਗੜੀਆ ਜ਼ਿਲ੍ਹੇ ਦੀਆਂ ਕੁਝ ਔਰਤਾਂ ਨਸਬੰਦੀ ਕਰਵਾਉਣ ਲਈ ਹਸਪਤਾਲ ਪਹੁੰਚੀਆਂ ਸਨ ਪਰ ਡਾਕਟਰ ਨੇ ਅਜਿਹੀ ਲਾਪਰਵਾਹੀ ਦਿਖਾਈ ਕਿ ਇਨ੍ਹਾਂ ਔਰਤਾਂ ਦੀ ਨਸਬੰਦੀ ਦਾ ਆਪ੍ਰੇਸ਼ਨ ਉਨ੍ਹਾਂ ਨੂੰ ਬੇਹੋਸ਼ ਕੀਤੇ ਬਿਨਾਂ ਹੀ ਕਰ ਦਿੱਤਾ ਗਿਆ। ਇਸ ਦੌਰਾਨ ਔਰਤਾਂ ਰੌਲਾ ਪਾਉਂਦੀਆਂ ਰਹੀਆਂ ਪਰ ਨਾ ਤਾਂ ਉਨ੍ਹਾਂ ਨੂੰ ਬੇਹੋਸ਼ ਕੀਤਾ ਗਿਆ ਅਤੇ ਨਾ ਹੀ ਦਰਦ ਨੂੰ ਰੋਕਣ ਲਈ ਕੋਈ ਦਵਾਈ ਦਿੱਤੀ ਗਈ।
ਇਹ ਘਟਨਾ ਖਗੜੀਆ ਜ਼ਿਲ੍ਹੇ ਦੇ ਅਲੌਲੀ ਬਲਾਕ ਦੇ ਪੀਐਚਸੀ ਨਾਲ ਸਬੰਧਤ ਹੈ, ਜਿੱਥੇ ਡਾਕਟਰ ਗੁਲ ਸਨੋਵਰ ’ਤੇ ਇਹ ਗੰਭੀਰ ਦੋਸ਼ ਲਾਏ ਗਏ ਹਨ। ਨਸਬੰਦੀ ਕਰਵਾਉਣ ਪਹੁੰਚੀਆਂ ਔਰਤਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਬੇਹੋਸ਼ ਕੀਤੇ ਬਿਨਾਂ ਹੀ ਆਪਰੇਸ਼ਨ ਕੀਤਾ ਗਿਆ। ਚੀਰਾ ਲਗਾਉਂਦੇ ਸਮੇਂ ਕਈ ਔਰਤਾਂ ਨੂੰ ਦਰਦ ਹੋ ਰਿਹਾ ਸੀ ਪਰ ਡਾਕਟਰ ਨੇ ਲਾਪਰਵਾਹੀ ਦੀ ਹੱਦ ਪਾਰ ਕਰ ਦਿੱਤੀ ਅਤੇ ਚੀਰਾ ਲਗਾਉਣਾ ਜਾਰੀ ਰੱਖਿਆ। ਨਸਬੰਦੀ ਆਪ੍ਰੇਸ਼ਨ ਲਈ ਆਈ ਇੱਕ ਔਰਤ ਕੁਮਾਰੀ ਪ੍ਰਤਿਮਾ ਅਨੁਸਾਰ ਜਦੋਂ ਡਾਕਟਰ ਨੂੰ ਪੁੱਛਿਆ ਗਿਆ ਕਿ ਉਹ ਬਿਨਾਂ ਬੇਹੋਸ਼ ਕੀਤੇ ਆਪ੍ਰੇਸ਼ਨ ਕਿਉਂ ਕਰ ਰਹੇ ਹਨ ਤਾਂ ਡਾਕਟਰ ਨੇ ਕਿਹਾ ਕਿ ਆਪ੍ਰੇਸ਼ਨ ਤੋਂ ਬਾਅਦ ਸੂਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਸੀਂ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਫਿਰ ਮੇਰੀਆਂ ਲੱਤਾਂ ਅਤੇ ਹੱਥਾਂ ਨੂੰ ਫੜ ਕੇ ਮੇਰਾ ਆਪਰੇਸ਼ਨ ਕੀਤਾ ਗਿਆ।
ਹਸਪਤਾਲ ਵਿੱਚ ਪਰਿਵਾਰ ਨਿਯੋਜਨ ਦੇ ਅਪਰੇਸ਼ਨਾਂ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿੱਚ 23 ਔਰਤਾਂ ਦੇ ਬਿਨਾਂ ਬੇਹੋਸ਼ ਕੀਤੇ ਅਪਰੇਸ਼ਨ ਕੀਤੇ ਗਏ। ਸਾਰਿਆਂ ਨੇ ਇਸ 'ਤੇ ਇਤਰਾਜ਼ ਕੀਤਾ ਪਰ ਕਿਸੇ ਦੀ ਗੱਲ ਨਹੀਂ ਸੁਣੀ ਗਈ ਅਤੇ ਬਿਨਾਂ ਐਨਸਥੀਸੀਆ ਦੇ ਸਾਰਿਆਂ ਦਾ ਆਪਰੇਸ਼ਨ ਕੀਤਾ ਗਿਆ।
ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਖਗੜੀਆ ਦੇ ਸਿਵਲ ਸਰਜਨ ਅਮਰਨਾਥ ਝਾਅ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਇਸ ਮਾਮਲੇ ਵਿੱਚ ਪੀਐਚਸੀ ਇੰਚਾਰਜ ਤੋਂ ਸਪੱਸ਼ਟੀਕਰਨ ਮੰਗਿਆ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਜਾਂਚ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਚਾਰ ਦਿਨ ਪਹਿਲਾਂ ਵੀ ਖਗੜੀਆ ਦੇ ਪਰਬਤਾ ਪੀ.ਐਚ.ਸੀ. ਵਿਖੇ ਨਸਬੰਦੀ ਕਰਵਾਉਣ ਆਈਆਂ ਔਰਤਾਂ ਨੂੰ ਟੀਕੇ ਲਗਾ ਕੇ ਭੇਡਾਂ-ਬੱਕਰੀਆਂ ਵਾਂਗ ਕਮਰੇ 'ਚ ਜ਼ਮੀਨ 'ਤੇ ਸਵਾ ਦਿੱਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Baby Planning, Bihar, Family, Health care