ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਐਲਨਾਬਾਦ ਵਿਧਾਨ ਸਭਾ ਸੀਟ ‘ਤੇ ਹੋਈਆਂ ਉੱਪ ਚੋਣਾਂ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਐਲਨਾਬਾਦ ‘ਚ ਇਨੈਲੋ ਅਤੇ ਭਾਜਪਾ ਉਮੀਦਵਾਰਾਂ ਵਿਚਾਲੇ ਕਾਂਟੇ ਦੀ ਟੱਕਰ ਦਿਖ ਰਹੀ ਹੈ। ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਇਨੈਲੋ ਉਮੀਦਵਾਰ ਅਭੈ ਚੌਟਾਲਾ ਨੇ ਬੜ੍ਹਤ ਬਣਾ ਲਈ ਹੈ। ਅਭੈ 10320 ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ। ਭਾਜਪਾ ਉਮੀਦਵਾਰ ਗੋਵਿੰਦ ਕਾਂਡਾ ਦੂਜੇ ਨੰਬਰ ;ਤੇ ਹਨ। ਕਾਂਗਰਸ ਦੇ ਪਵਨ ਬੈਨੀਵਾਲ ਤੀਜੇ ਨੰਬਰ ‘ਤੇ ਚੱਲ ਰਹੇ ਹਨ। ਐਲਨਾਬਾਦ ਦਾ ਅਗਲਾ ਵਿਧਾਇਕ ਕੌਣ ਹੋਵੇਗਾ, ਇਸ ਦਾ ਨਤੀਜਾ ਜਲਦ ਹੀ ਐਲਾਨੇ ਜਾਣ ਦੀ ਉਮੀਦ ਹੈ।
14 ਟੇਬਲ ‘ਤੇ 16 ਰਾਊਂਡ ‘ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਹਰ ਟੇਬਲ ‘ਤੇ ਇੱਕ ਸਮੇਂ ਵਿੱਚ ਇੱਕ ਮਸ਼ੀਨ ਲਗਾਈ ਗਈ ਹੈ। ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਦੀ ਇਹ ਤੀਜੀ ਉਪ ਚੋਣ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ ਰੋੜੀ ਅਤੇ ਐਲਨਾਬਾਦ ‘ਚ ਇੱਕ ਇੱਕ ਉੱਪ ਚੋਣ ਜਿੱਤੀ ਹੋਈ ਹੈ।ਇਸ ਚੋਣ ਵਿੱਚ ਜਿੱਤ ਨਾਲ ਇਹ ਉਨ੍ਹਾਂ ਦੀ ਹੈਟਰਿਕ ਹੋ ਜਾਵੇਗੀ। ਉੱਪ ਚੋਣਾਂ ਵਿੱਚ ਭਾਜਪਾ ਉਮੀਦਵਾਰ ਰਹੇ ਗੋਵਿੰਦ ਕਾਂਡਾ ਦੀ ਵੀ ਇਹ ਤੀਜੀ ਚੋਣ ਹੈ। ਇਸ ਤੋਂ ਪਹਿਲਾਂ ਉਹ ਦੋ ਚੋਣਾਂ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਲੜ ਚੁੱਕੇ ਹਨ ਅਤੇ ਦੋਵੇਂ ਵਾਰ ਹਾਰ ਚੁੱਕੇ ਹਨ। ਦੂਜੇ ਪਾਸੇ, ਕਾਂਗਰਸ ਉਮੀਦਵਾਰ ਪਵਨ ਬੈਨੀਵਾਲ ਦੀ ਐਲਨਾਬਾਦ ਵਿਧਾਨ ਸਭਾ ਦੀ ਇਹ ਤੀਜੀ ਚੋਣ ਹੈ।
ਪਹਿਲਾਂ ਦੋ ਚੋਣਾਂ ਉਨ੍ਹਾਂ ਨੇ ਭਾਜਪਾ ਦੀ ਟਿਕਟ ‘ਤੇ ਲੜੀਆਂ ਸੀ। ਕਾਂਗਰਸ ਦੀ ਟਿਕਟ ‘ਤੇ ਉਹ ਹੁਣ ਪਹਿਲੀ ਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਹਰ ਪਲ ਦੀ ਜਾਣਕਾਰੀ ਵੋਟਰ ਹੈਲਪਲਾਈਨ ਐਪ ਅਤੇ ਰਿਜ਼ਲਟਸ ਡਾਟ ਈਸੀਆਈ ਡਾਟ ਜੀਓਵੀ ਡਾਟ ਇਨ ਦੀ ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ। ਮੀਡੀਆ ਕਰਮਚਾਰੀਆਂ ਦੀ ਸਹੂਲਤ ਲਈ ਸੀਡੀਐਲਯੂ ਦੇ ਡਾ. ਏਪੀਜੇ ਅਬਦੁਲ ਕਲਾਮ ਭਵਨ ‘ਚ ਸਥਿਤ ਕਮਰਾ ਨੰਬਰ 29 ‘ਚ ਮੀਡੀਆ ਸੈਂਟਰ ਬਣਾਇਆ ਗਿਆ ਹੈ। ਜਿਸ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆ ਗਈਆਂ ਹਨ। ਮੀਡੀਆ ਸੈਂਟਰ ‘ਚ ਪੱਤਰਕਾਰਾਂ ਦੇ ਬੈਠਣ ਤੇ ਕੰਪਿਊਟਰ ਦੀ ਵੀ ਸਹੂਲਤ ਮੌਜੂਦ ਹੈ।
ਦੱਸਣਯੋਗ ਹੈ ਕਿ ਇੱਕ ਲੱਖ 86 ਹਜ਼ਾਰ 416 ਵੋਟਰਾਂ ਵਾਲੇ ਇਸ ਵਿਧਾਨ ਸਭਾ ਚੋਣਾਂ ‘ਚ ਇੱਕ ਲੱਖ 51 ਹਜ਼ਾਰ 524 ਵੋਟਰਾਂ ਨੇ ਵੋਟ ਪਾਈ। ਚੋਣਾਂ ਵਿੱਚ 81.42 ਫ਼ੀਸਦੀ ਵੋਟਾਂ ਪਈਆਂ। 19 ਉਮੀਦਵਾਰਾਂ ਦੇ ਚੋਣ ਮੈਦਾਨ ਵਿੱਚ ਹੋਣ ਦੇ ਬਾਵਜੂਦ ਇੱਥੇ ਸ਼ੁਰੂਆਤ ‘ਚ ਤਿਕੋਨਾ ਮੁਕਾਬਲਾ ਦਿਖਿਆ, ਜਿਸ ਵਿੱਚ ਇਨੈਲੋ ਦੇ ਅਭੈ ਸਿੰਘ ਚੌਟਾਲਾ, ਭਾਜਪਾ ਦੇ ਗੋਬਿੰਦ ਕਾਂਡਾ ਅਤੇ ਕਾਂਗਰਸ ਦੇ ਪਵਨ ਬੈਨੀਵਾਲ ਵਿਚਾਲੇ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, By-election, Chautala, Haryana, Haryana elections, Indian National Congress