ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਦੀ ਐੱਮ.ਐੱਸ.ਪੀ. ਕਮੇਟੀ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਲਈ ਸਪੱਸ਼ਟੀਕਰਨ ਮੰਗਿਆ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਕੇਂਦਰ ਦੁਆਰਾ ਗਠਿਤ ਕੀਤੀ ਜਾਣ ਵਾਲੀ ਕਮੇਟੀ ਲਈ ਆਪਣੇ ਮੈਂਬਰਾਂ ਦਾ ਨਾਂਅ ਨਹੀਂ ਰੱਖੇਗਾ, ਕਿਉਂਕਿ ਕੇਂਦਰ ਨੇ ਅਜੇ ਤੱਕ ਕਮੇਟੀ ਦੀ ਬਣਤਰ ਤੇ ਇਸ ਦੇ ਅਧਿਕਾਰਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਮੋਰਚੇ ਦਾ ਦੋਸ਼ ਹੈ ਕਿ ਸਰਕਾਰ ਇਸ ਕਮੇਟੀ ਸਬੰਧੀ ਸਵਾਲਾਂ ਨੂੰ ਟਾਲ ਰਹੀ ਹੈ। ਜਦੋਂ ਤੱਕ ਉਨ੍ਹਾਂ ਨੂੰ ਕਮੇਟੀ ਸਬੰਧੀ ਸਵਾਲਾਂ ਦੇ ਜਵਾਬ ਨਹੀਂ ਮਿਲ ਜਾਂਦੇ, ਉਦੋਂ ਤੱਕ ਉਹ ਆਪਣੀ ਤਰਫੋਂ ਨਾਂ ਨਹੀਂ ਭੇਜਣਗੇ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਦਿਨ ਪਹਿਲਾਂ ਸੰਸਦ ਵਿੱਚ ਕਿਹਾ ਸੀ ਕਿ ਜਿਵੇਂ ਹੀ ਕਿਸਾਨ ਮੋਰਚਾ ਤੋਂ ਨਾਂ ਆਉਣਗੇ, ਉਹ ਇੱਕ ਕਮੇਟੀ ਬਣਾਏਗੀ।
ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਸੰਯੁਕਤ ਕਿਸਾਨ ਮੋਰਚਾ ਦੀ ਤਰਫੋਂ ਦੱਸਿਆ ਗਿਆ ਕਿ 22 ਮਾਰਚ ਨੂੰ ਐਸਕੇਐਮ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਯੁੱਧਵੀਰ ਸਿੰਘ ਨੂੰ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਦਾ ਇੱਕ ਫੋਨ ਆਇਆ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਵੱਲੋਂ ਗਠਿਤ ਕੀਤੀ ਜਾਣ ਵਾਲੀ ਕਮੇਟੀ ਲਈ ਦੋ-ਤਿੰਨ ਨਾਵਾਂ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਕਮੇਟੀ ਸਬੰਧੀ ਕਈ ਸਵਾਲਾਂ ਦੇ ਜਵਾਬ ਇਸ ਗੱਲਬਾਤ ਤੋਂ ਸਪੱਸ਼ਟ ਨਹੀਂ ਹੋ ਸਕੇ।
ਇਸ ਤੋਂ ਬਾਅਦ ਮੋਰਚੇ ਦੀ ਤਰਫੋਂ 24 ਮਾਰਚ ਨੂੰ ਈਮੇਲ ਭੇਜ ਕੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ। ਉਸ ਤੋਂ ਬਾਅਦ 30 ਮਾਰਚ ਨੂੰ ਯਾਦ ਕਰਵਾਇਆ ਗਿਆ। ਇਸ ਤੋਂ ਬਾਅਦ ਵੀ ਹੁਣ ਤੱਕ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕਿਸਾਨ ਮੋਰਚਾ ਨੇ ਦੱਸਿਆ ਕਿ 24 ਮਾਰਚ ਦੇ ਪੱਤਰ ਵਿੱਚ ਸਰਕਾਰ ਤੋਂ ਪੁੱਛਿਆ ਗਿਆ ਸੀ ਕਿ ਪ੍ਰਸਤਾਵਿਤ ਕਮੇਟੀ ਦੀ ਮਿਆਦ ਕੀ ਹੋਵੇਗੀ, ਇਹ ਕੀ ਕੰਮ ਕਰੇਗੀ ਅਤੇ ਹੋਰ ਕੌਣ ਮੈਂਬਰ ਹਨ ਤੇ ਉਹ ਕਿਹੜੀਆਂ ਸੰਸਥਾਵਾਂ ਤੋਂ ਹਨ?
ਇਸ ਤੋਂ ਇਲਾਵਾ ਇਹ ਵੀ ਪੁੱਛਿਆ ਗਿਆ ਕਿ ਇਸ ਕਮੇਟੀ ਦਾ ਚੇਅਰਮੈਨ ਕੌਣ ਹੋਵੇਗਾ, ਇਹ ਕਿਵੇਂ ਕੰਮ ਕਰੇਗੀ, ਇਸ ਨੂੰ ਆਪਣੀ ਰਿਪੋਰਟ ਦੇਣ ਲਈ ਕਿੰਨਾ ਸਮਾਂ ਮਿਲੇਗਾ। ਸਰਕਾਰ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਗਿਆ ਕਿ ਕੀ ਇਸ ਕਮੇਟੀ ਵੱਲੋਂ ਦਿੱਤੇ ਸੁਝਾਅ ਲਾਗੂ ਹੋਣਗੇ ਜਾਂ ਨਹੀਂ। ਮੋਰਚੇ ਨੇ ਕਿਹਾ ਹੈ ਕਿ ਜਦੋਂ ਤੱਕ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਮਿਲ ਜਾਂਦੇ, ਉਦੋਂ ਤੱਕ ਇਸ ਦੀ ਤਰਫੋਂ ਮੈਂਬਰਾਂ ਦੇ ਨਾਂ ਭੇਜਣ ਦੀ ਕੋਈ ਤੁਕ ਨਹੀਂ ਬਣਦੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bharti Kisan Union, Farmers Protest, Kisan andolan, Punjab farmers