ਮੰਕੀਪੌਕਸ ਵਾਇਰਸ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਸਮੇਤ ਭਾਰਤ ਦੇ ਲੋਕਾਂ ਦੀ ਚਿੰਤਾ ਡੂੰਘੀ ਹੋਣ ਲੱਗੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਇੱਕ 34 ਸਾਲਾ ਵਿਅਕਤੀ ਮੰਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ, ਜਿਸ ਤੋਂ ਬਾਅਦ ਭਾਰਤ ਵਿੱਚ ਇਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਚਾਰ ਹੋ ਗਈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
ਰਾਜਧਾਨੀ ਦਿੱਲੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਡਾ. ਸੰਜੇ ਰਾਏ ਦਾ ਕਹਿਣਾ ਹੈ ਕਿ ਮੰਕੀਪੌਕਸ ਨਾ ਤਾਂ ਘਾਤਕ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਛੂਤ ਵਾਲਾ। ਬੱਸ ਤੁਹਾਨੂੰ ਇਸ ਬਾਰੇ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ।
ਡਾਕਟਰ ਰਾਏ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਚੇਚਕ ਦਾ ਟੀਕਾ ਲੱਗਾ ਹੋਇਆ ਹੈ, ਉਨ੍ਹਾਂ ਨੂੰ ਇਸ ਵਾਇਰਸ ਦਾ ਜ਼ਿਆਦਾ ਖ਼ਤਰਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੇਚਕ ਦਾ ਟੀਕਾ ਵੀ ਇਸ ਬਿਮਾਰੀ ਤੋਂ ਬਚਾਉਂਦਾ ਹੈ। ਉਹ ਕਹਿੰਦੇ ਹਨ, 'ਭਾਰਤ ਵਿੱਚ 45 ਸਾਲ ਤੋਂ ਵੱਧ ਉਮਰ ਦੇ ਜ਼ਿਆਦਾਤਰ ਲੋਕਾਂ ਨੂੰ ਚੇਚਕ ਦਾ ਟੀਕਾ ਲੱਗਾ ਹੋਇਆ ਹੈ।
ਅਜਿਹੇ 'ਚ ਇਹ ਟੀਕਾ ਉਨ੍ਹਾਂ ਨੂੰ ਮੰਕੀਪੌਕਸ ਤੋਂ ਵੀ ਬਚਾਏਗਾ।'' ਉਨ੍ਹਾਂ ਦੱਸਿਆ ਕਿ ਇਕ ਸਮੇਂ ਚੇਚਕ ਨਾਲ ਮੌਤ ਦਰ 30 ਫੀਸਦੀ ਸੀ, ਜਦਕਿ ਮੰਕੀਪੌਕਸ ਦੇ ਮਾਮਲੇ 'ਚ ਹੁਣ ਤੱਕ ਮੌਤ ਦਰ ਸਿਰਫ ਦੋ ਤੋਂ ਤਿੰਨ ਫੀਸਦੀ ਹੀ ਦੇਖਣ ਨੂੰ ਮਿਲੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 45 ਸਾਲ ਤੋਂ ਘੱਟ ਉਮਰ ਦੇ ਲੋਕ ਜਿਨ੍ਹਾਂ ਦੀ ਇਮਿਊਨ ਸਿਸਟਮ ਕਿਸੇ ਕਾਰਨ ਕਮਜ਼ੋਰ ਹੈ, ਉਨ੍ਹਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ। ਡਾਕਟਰ ਰਾਏ ਦਾ ਵੀ ਕਹਿਣਾ ਹੈ ਕਿ ਇਹ ਬਿਮਾਰੀ ਕੋਈ ਨਵੀਂ ਨਹੀਂ ਹੈ, ਸਗੋਂ 50 ਸਾਲ ਪੁਰਾਣੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1970 ਦੇ ਦਹਾਕੇ 'ਚ ਇਹ ਬੀਮਾਰੀ ਸਭ ਤੋਂ ਪਹਿਲਾਂ ਅਫਰੀਕੀ ਦੇਸ਼ ਕਾਂਗੋ 'ਚ ਇਨਸਾਨਾਂ 'ਚ ਪਾਈ ਗਈ ਸੀ, ਜਿਸ ਤੋਂ ਬਾਅਦ ਕਈ ਦੇਸ਼ਾਂ 'ਚ ਇਸ ਦੀ ਲਾਗ ਫੈਲ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।