ਸ਼ਿਮਲਾ- ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ। ਹਾਈਕਮਾਂਡ ਨੇ ਉਨ੍ਹਾਂ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। ਗੁਲਬਰਗਾ 'ਚ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਾਜੀਵ ਸ਼ੁਕਲਾ ਅਤੇ ਆਬਜ਼ਰਵਰ ਨੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਖੜਗੇ ਨੇ ਗਾਂਧੀ ਪਰਿਵਾਰ ਨਾਲ ਗੱਲ ਕੀਤੀ ਅਤੇ ਸੁੱਖੂ ਦੇ ਨਾਂ ਨੂੰ ਮਨਜ਼ੂਰੀ ਦਿੱਤੀ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਹੋਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅੱਜ ਸ਼ਾਮ ਤੱਕ ਸੁੱਖੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਪਾਰਟੀ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਆਦਿਤਿਆ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਸੂਤਰਾਂ ਮੁਤਾਬਕ ਸੁੱਖੂ ਦਾ ਦਾਅਵਾ ਹੈ ਕਿ ਹੋਰ ਵਿਧਾਇਕਾਂ ਦਾ ਸਮਰਥਨ ਉਨ੍ਹਾਂ ਦੇ ਨਾਲ ਹੈ, ਜਦਕਿ ਪ੍ਰਤਿਭਾ ਸਿੰਘ ਵੀਰਭੱਦਰ ਸਿੰਘ ਦੀ ਵਿਰਾਸਤ ਦੇ ਨਾਂ 'ਤੇ ਸੂਬਾ ਪ੍ਰਧਾਨ ਅਤੇ ਸੀਐੱਮ ਦਾ ਅਹੁਦਾ ਚਾਹੁੰਦੀ ਹੈ।
ਇੱਥੇ ਦੱਸ ਦੇਈਏ ਕਿ ਮੁਕੇਸ਼ ਅਗਨੀਹੋਤਰੀ ਪਿਛਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਹਨ। ਇਸ ਕਾਰਨ ਉਹ ਮੁੱਖ ਮੰਤਰੀ ਦੇ ਅਹੁਦੇ ਦਾ ਵੀ ਦਾਅਵਾ ਕਰ ਰਹੇ ਹਨ। ਗੌਰਤਲਬ ਹੈ ਕਿ ਸੁਖਵਿੰਦਰ ਸਿੰਘ ਸੁੱਖੂ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਉਸ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਨਿਊਜ਼ 18 ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸੁੱਖੂ ਨੇ ਕਿਹਾ ਕਿ ਮੰਡੀ ਜ਼ਿਲ੍ਹੇ ਦੀਆਂ 10 ਸੀਟਾਂ 'ਚੋਂ ਕਾਂਗਰਸ ਸਿਰਫ਼ 1 ਹੀ ਜਿੱਤ ਸਕੀ, ਜਿਸ 'ਤੇ ਪ੍ਰਤਿਭਾ ਸਿੰਘ ਦਾ ਦਬਦਬਾ ਹੈ। ਹਾਈਕਮਾਂਡ ਚੋਣਾਂ ਨਾਲ ਜੁੜੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਲਵੇਗੀ। ਹਮੀਰਪੁਰ ਸੀਟ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਅਨੁਰਾਗ ਠਾਕੁਰ ਦੀ ਸੰਸਦੀ ਸੀਟ ਹੈ। ਅਸੀਂ ਉੱਥੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਕੋਲ ਸਾਰੀ ਜਾਣਕਾਰੀ ਹੈ।
ਆਗੂਆਂ ਨੂੰ ਮਨਾਉਣ ਦੀ ਕਵਾਇਦ ਜਾਰੀ: ਕਾਂਗਰਸ ਪ੍ਰਧਾਨ ਖੜਕੇ ਇਸ ਸਮੇਂ ਗੁਲਾਬਗੜ੍ਹ ਦੇ ਦੌਰੇ 'ਤੇ ਹਨ। ਉਸ ਨੇ ਫੋਨ ’ਤੇ ਹੋਈ ਚਰਚਾ ’ਚ ਸੁੱਖੂ ਦੇ ਨਾਂ ’ਤੇ ਮੋਹਰ ਲਾਈ। ਪਾਰਟੀ ਵਿੱਚ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਤੇ ਹੋਰ ਆਗੂਆਂ ਨੂੰ ਮੰਨਣ ਦੀ ਕਵਾਇਦ ਜਾਰੀ ਹੈ।
ਮੈਨੂੰ ਫੈਸਲੇ ਦੀ ਜਾਣਕਾਰੀ ਨਹੀਂ- ਸੁੱਖੂ: ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਮੀਡੀਆ ਨੂੰ ਕਿਹਾ, ਮੈਨੂੰ ਹਾਈਕਮਾਂਡ ਦੇ ਫੈਸਲੇ ਦੀ ਜਾਣਕਾਰੀ ਨਹੀਂ ਹੈ। ਮੈਂ ਸ਼ਾਮ 5 ਵਜੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਜਾ ਰਿਹਾ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Congress, Himachal, Himachal Election