ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਜਾਰੀ ਖਿੱਚੋਤਾਣ ਖਤਮ ਹੋ ਗਈ ਹੈ ਅਤੇ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਨਦੌਣ ਹਲਕੇ ਤੋਂ ਚੌਥੀ ਵਾਰ ਵਿਧਾਇਕ ਬਣੇ ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਪਰਦੇਸ਼ ਦੇ 15ਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ ਹੋਣਗੇ। ਸ਼ਨੀਵਾਰ ਨੂੰ ਵਿਧਾਨ ਸਭਾ ਕੰਪਲੈਕਸ ਸ਼ਿਮਲਾ ਦੇ ਵਿੱਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਸੁਖਵਿੰਦਰ ਸਿੰਘ ਸੁੱਖੂ ਦੇ ਨਾਮ ਦਾ ਐਲਾਨ ਕੀਤਾ ਗਿਆ।
ਕੌਣ ਹਨ ਸੁਖਵਿੰਦਰ ਸਿੰਘ ਸੁੱਖੂ ?
ਤੁਹਾਨੂੰ ਦੱਸ ਦਈਏ ਕਿ 26 ਮਾਰਚ 1964 ਨੂੰ ਹਮੀਰਪੁਰ ਜ਼ਿਲ੍ਹੇ ਦੀ ਨਦੌਣ ਤਹਿਸੀਲ ਦੇ ਸੇਰਾ ਪਿੰਡ ਵਿੱਚ ਜਨਮੇ ਸੁਖਵਿੰਦਰ ਸਿੰਘ ਸੁੱਖੂ ਦੇ ਪਿਤਾ ਰਸੀਲ ਸਿੰਘ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਸ਼ਿਮਲਾ ਵਿੱਚ ਡਰਾਈਵਰ ਸਨ। ਸੁਖਵਿੰਦਰ ਸਿੰਘ ਸੁੱਖੂ ਦੀ ਪਹਿਲੀ ਤੋਂ ਐਲਐਲਬੀ ਤੱਕ ਦੀ ਪੜ੍ਹਾਈ ਸ਼ਿਮਲਾ ਦੇ ਵਿੱਚ ਹੀ ਪੂਰੀ ਹੋਈ ਹੈ। ਸੁਖਵਿੰਦਰ ਸਿੰਘ ਸੁੱਖੂ ਚਾਰ ਭੈਣ-ਭਰਾਵਾਂ ਦੇ ਵਿੱਚੋਂ ਦੂਜੇ ਨੰਬਰ ’ਤੇ ਹਨ । ਉਨ੍ਹਾਂ ਦੇ ਵੱਡੇ ਭਰਾ ਰਾਜੀਵ ਫੌਜ ਤੋਂ ਰਿਟਾਇਰ ਹੋਏ ਹਨ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸੁਖਵਿੰਦਰ ਸਿੰਘ ਸੁੱਖੂ ਦਾ ਵਿਆਹ 11 ਜੂਨ 1998 ਨੂੰ ਕਮਲੇਸ਼ ਠਾਕੁਰ ਦੇ ਨਾਲ ਹੋਇਆ ਸੀ। ਇਨ੍ਹਾਂ ਦੋਵਾਂ ਦੀਆਂ ਦੋ ਬੇਟੀਆਂ ਹਨ ਜੋ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੀਆਂ ਹਨ।
ਜ਼ਿਕੲਰਯੋਗ ਹੈ ਕਿ ਸੁਖਵਿੰਦਰ ਸਿੰਘ ਸੁੱਖੂ ਨੇ ਆਪਣਾ ਸਿਆਸੀ ਕੈਰੀਅਰ ਐੱਨਐੱਸਯੂਆਈ ਤੋਂ ਸ਼ੁਰੂ ਕੀਤਾ ਸੀ। ਸੰਜੌਲੀ ਕਾਲਜ ਵਿਖੇ ਸੁੱਖੂ ਜਮਾਤ ਦੇ ਨੁਮਾਇੰਦੇ ਅਤੇ ਵਿਦਿਆਰਥੀ ਕੇਂਦਰੀ ਸੰਘ ਦੇ ਜਨਰਲ ਸਕੱਤਰ ਚੁਣੇ ਗਏ। ਇਸ ਤੋਂ ਬਾਅਦ ਉਹ ਸਰਕਾਰੀ ਕਾਲਜ ਸੰਜੌਲੀ ਵਿੱਚ ਵਿਦਿਆਰਥੀ ਕੇਂਦਰੀ ਸੰਘ ਦੇ ਪ੍ਰਧਾਨ ਵੀ ਚੁਣੇ ਗਏ। ਇਸ ਤੋਂ ਬਾਅਦ 1988 ਤੋਂ 1995 ਤੱਕ ਉਹ ਐੱਨਐੱਸਯੂਆਈ ਦੇ ਸੂਬਾ ਪ੍ਰਧਾਨ ਬਣੇ ਸਨ ।ਇਸ ਤੋਂ ਬਾਅਦ ਵਿੱਚ ਉਹ 1995 ਦੇ ਵਿੱਚ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਚੁਣੇ ਗਏ ਸਨ।
ਇਸ ਤੋਂ ਬਾਅਦ ਸੁਖਵਿੰਦ ਸੁੱਖੂ 1998 ਤੋਂ 2008 ਤੱਕ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਰਹੇ।ਇੰਨਾ ਹੀ ਨਹੀਂ ਉਹ ਸ਼ਿਮਲਾ ਨਗਰ ਨਿਗਮ ਦੇ ਦੋ ਵਾਰ ਚੁਣੇ ਗਏ ਕੌਂਸਲਰ ਬਣੇ ਸਨ।ਸਾਲ 2003, 2007, 2017 ਅਤੇ ਹੁਣ 2022 ਵਿੱਚ ਨਾਦੌਨ ਵਿਧਾਨ ਸਭਾ ਹਲਕੇ ਤੋਂ ਉਹ ਚੌਥੀ ਵਾਰ ਵਿਧਾਇਕ ਚੁਣੇ ਗਏ।ਸਾਲ 2008 ਦੇ ਵਿੱਚ ਉਹ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਬਣੇ ਸਨ।ਇਸ ਦੇ ਨਾਲ ਹੀ 8 ਜਨਵਰੀ 2013 ਤੋਂ 10 ਜਨਵਰੀ 2019 ਤੱਕ ਉਹ ਸੂਬਾ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ। ਅਪ੍ਰੈਲ 2022 ਵਿੱਚ ਉਹ ਹਿਮਾਚਲ ਪ੍ਰਦੇਸ਼ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਟਿਕਟ ਵੰਡ ਕਮੇਟੀ ਦੇ ਮੈਂਬਰ ਬਣਾਏ ਗਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chief Minister, Congress, Himachal, Sukhwinder singh