ਕੇਂਦਰ ਸਰਕਾਰ ਨੇ ਇਸ ਸਾਲ ਹੱਜ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਹੈ।ਕੇਂਦਰ ਸਰਕਾਰ ਦੀ ਨਵੀਂ ਹੱਜ ਨੀਤੀ 2023 ਦੇ ਮੁਤਾਬਕ ਇਸ ਵਾਰ ਹੱਜ ਦੇ ਲਈ ਬਿਨੈ-ਪੱਤਰ ਮੁਫਤ ਹੋਵੇਗਾ।ਯਾਨੀ ਕਿ ਸਾਰੇ ਹੱਜ ਯਾਤਰੀ ਮੁਫਤ ਅਪਲਾਈ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਜ਼ੀ ਲਈ ਪ੍ਰਤੀ ਹਾਜੀ 400 ਰੁਪਏ ਲਏ ਜਾਂਦੇ ਸਨ।ਸਿਰਫ ਇੰਨਾ ਹੀ ਨਹੀਂ ਇਸ ਵਾਰ ਪ੍ਰਤੀ ਹਾਜੀ 'ਤੇ ਕਰੀਬ 50 ਹਜ਼ਾਰ ਦੀ ਛੋਟ ਵੀ ਦਿੱਤੀ ਜਾਵੇਗੀ। ਹਾਜੀਆਂ ਨੂੰ ਹੁਣ ਬੈਗ, ਸੂਟਕੇਸ, ਛੱਤਰੀਆਂ, ਚਾਦਰਾਂ ਵਰਗੀਆਂ ਚੀਜ਼ਾਂ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਉਹ ਆਪਣੇ ਪੱਧਰ 'ਤੇ ਸਮਾਨ ਖਰੀਦ ਸਕਣਗੇ।
ਕੇਂਦਰ ਸਰਕਾਰ ਦੀ ਨਵੀਂ ਹੱਜ ਨੀਤੀ ਦੇ ਮੁਤਾਬਕ ਇਸ ਵਾਰ ਬਜ਼ੁਰਗਾਂ, ਅਪਾਹਜਾਂ ਅਤੇ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇੰਨਾ ਹੀ ਨਹੀਂ 45 ਸਾਲ ਤੋਂ ਵੱਧ ਉਮਰ ਦੀ ਕੋਈ ਵੀ ਔਰਤ ਹੁਣ ਇਕੱਲੀ ਹੱਜ ਜਾਣ ਦੇ ਲਈ ਅਪਲਾਈ ਕਰ ਸਕੇਗੀ। ਸਰਕਾਰ ਨੇ ਬਿਨਾਂ ਮਹਿਰਮ ਦੇ ਚਾਰ ਔਰਤਾਂ ਨਾਲ ਜਾਣ ਦੇ ਨਿਯਮ ਨੂੰ ਵੀ ਖ਼ਤਮ ਕਰ ਦਿੱਤਾ ਹੈ। ਇਸ ਵਾਰ 1 ਲੱਖ 75 ਹਜ਼ਾਰ ਵਿੱਚੋਂ 80 ਫੀਸਦੀ ਹਾਜੀ ਹੱਜ ਕਮੇਟੀ ਦੀ ਤਰਫੋਂ ਜਾਣਗੇ। ਜਦਕਿ 20 ਫੀਸਦੀ ਹਾਜੀ ਪ੍ਰਾਈਵੇਟ ਟੂਰ ਆਪਰੇਟਰਾਂ ਰਾਹੀਂ ਹੱਜ ਲਈ ਰਵਾਨਾ ਹੋ ਸਕਣਗੇ।
ਦੂਜੇ ਪਾਸੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਹੱਜ ਯਾਤਰੀਆਂ ਦਾ ਵੀਆਈਪੀ ਕੋਟਾ ਖ਼ਤਮ ਕਰ ਦਿੱਤਾ ਹੈ। ਅਜਿਹੇ 'ਚ ਹੁਣ ਵੀਆਈਪੀ ਯਾਤਰੀਆਂ ਨੂੰ ਵੀ ਆਮ ਹੱਜ ਯਾਤਰੀਆਂ ਵਾਂਗ ਹੀ ਯਾਤਰਾ ਕਰਨੀ ਪਵੇਗੀ। ਸੂਤਰਾਂ ਦੇ ਮੁਤਾਬਕ ਵੀਆਈਪੀ ਕੋਟਾ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ, ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਦੇ ਨਾਲ-ਨਾਲ ਹੱਜ ਕਮੇਟੀ ਨੂੰ ਵੀ ਅਲਾਟ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਵੀਆਈਪੀ ਕੋਟਾ ਸਾਲ 2012 ਵਿੱਚ ਲਾਗੂ ਕੀਤਾ ਗਿਆ ਸੀ। ਇਸ ਦੇ ਲਈ 500 ਸੀਟਾਂ ਤੈਅ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਰਾਸ਼ਟਰਪਤੀ ਨੂੰ 100, ਉਪ ਰਾਸ਼ਟਰਪਤੀ ਨੂੰ 75, ਪ੍ਰਧਾਨ ਮੰਤਰੀ ਨੂੰ 75, ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੂੰ 50 ਅਤੇ ਹੱਜ ਕਮੇਟੀ ਆਫ਼ ਇੰਡੀਆ ਨੂੰ 200 ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਰਾਸ਼ਟਰਪਤੀ ਕੋਟੇ ਦੀਆਂ 100 ਸੀਟਾਂ ਨੂੰ ਛੱਡ ਕੇ ਬਾਕੀ ਸਾਰੀਆਂ 400 ਵੀਆਈਟੀ ਸੀਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਜਿਹੇ 'ਚ ਇਹ ਸੀਟਾਂ ਆਮ ਲੋਕਾਂ ਨੂੰ ਵੀ ਅਲਾਟ ਕੀਤੀਆਂ ਜਾ ਸਕਦੀਆਂ ਹਨ।
ਇਸ ਸਾਲ ਸਾਊਦੀ ਅਰਬ ਵਿੱਚ ਸਾਲਾਨਾ ਹੱਜ ਯਾਤਰਾ ਮਹਾਂਮਾਰੀ ਤੋਂ ਪਹਿਲਾਂ ਦੇ ਵੱਡੇ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ ਕਿਉਂਕਿ ਕੋਰੋਨ ਵਾਇਰਸ ਮਹਾਂਮਾਰੀ ਬਾਰੇ ਚਿੰਤਾਵਾਂ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਸੌਖਾ ਕੀਤਾ ਗਿਆ ਸੀ। ਇਹ ਜਾਣਿਆ ਜਾਂਦਾ ਹੈ ਕਿ ਸਾਲਾਨਾ ਹੱਜ ਦੇ ਮੌਕੇ 'ਤੇ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਲੱਖਾਂ ਲੋਕ ਇਸਲਾਮ ਵਿਚ ਪਵਿੱਤਰ ਮੰਨੇ ਜਾਂਦੇ ਸ਼ਹਿਰ ਮੱਕਾ ਵਿਚ ਇਕੱਠੇ ਹੁੰਦੇ ਹਨ। ਇਸ ਨੂੰ ਲੋਕਾਂ ਦਾ ਸਭ ਤੋਂ ਵੱਡਾ ਇਕੱਠ ਮੰਨਿਆ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hajj Yatra, India, Muslim