ਕੋਰੋਨਾ ਵਾਇਰਸ ਮਹਾਂਮਾਰੀ (COVID-19 Pandemic) ਦੇ ਪਹਿਲੇ ਦੋ ਸਾਲਾਂ ਵਿੱਚ ਦੁਨੀਆ ਦੇ 99 ਪ੍ਰਤੀਸ਼ਤ ਲੋਕਾਂ ਦੀ ਆਮਦਨ ਵਿੱਚ ਕਮੀ ਆਈ ਹੈ ਅਤੇ 16 ਕਰੋੜ ਤੋਂ ਵੱਧ ਲੋਕ 'ਗਰੀਬ' ਦੀ ਸ਼੍ਰੇਣੀ ਵਿੱਚ ਆ ਗਏ ਹਨ। ਹਾਲਾਂਕਿ, ਬਹੁਤ ਹੀ ਅਮੀਰ ਲੋਕਾਂ ਦੀ ਆਮਦਨ 'ਤੇ ਕੋਰੋਨਾ ਮਹਾਮਾਰੀ ਦਾ ਕੋਈ ਅਸਰ ਨਹੀਂ ਹੋਇਆ ਅਤੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਦੌਲਤ ਇਸ ਸਮੇਂ ਦੌਰਾਨ 1.3 ਬਿਲੀਅਨ ਡਾਲਰ (9,000 ਕਰੋੜ ਰੁਪਏ) ਪ੍ਰਤੀ ਦਿਨ ਦੀ ਦਰ ਨਾਲ ਵਧ ਕੇ 1,500 ਅਰਬ ਡਾਲਰ (111 ਲੱਖ ਕਰੋੜ ਰੁਪਏ ਤੋਂ ਵੱਧ) ਤੱਕ ਪਹੁੰਚ ਗਈ ਹੈ।
ਇਹ ਜਾਣਕਾਰੀ ਆਕਸਫੈਮ ਇੰਟਰਨੈਸ਼ਨਲ( Oxfam International report) ਨਾਂ ਦੀ ਸੰਸਥਾ ਦੀ ਰਿਪੋਰਟ ਤੋਂ ਮਿਲੀ ਹੈ। ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ (WEF) ਦੇ ਸਿਖਰ ਸੰਮੇਲਨ ਦੇ ਪਹਿਲੇ ਦਿਨ 'ਇਨਕੁਆਲਿਟੀ ਕਿਲਜ਼' ਸਿਰਲੇਖ ਵਾਲੀ ਰਿਪੋਰਟ ਜਾਰੀ ਕੀਤੀ ਗਈ।
ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੇ ਅਰਬਪਤੀਆ ਦੀ ਕੁੱਲ ਸੰਪਤੀ ਵਧ ਕੇ ਦੁੱਗਣੀ ਨਾਲੋਂ ਵੀ ਵੱਧ ਹੋ ਗਈ ਅਤੇ ਦਸ ਸਭ ਤੋਂ ਅਮੀਰ ਲੋਕਾਂ ਦੀ ਸੰਪਤੀ 25 ਸਾਲ ਤੱਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿੱਖਿਆ ਤੇ ਉਚੇਰੀ ਸਿੱਖਿਆ ਦੇਣ ਲਈ ਕਾਫੀ ਹੈ।
ਅਧਿਐਨ ਮੁਤਾਬਕ ਇਸ ਦੌਰਾਨ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ 39 ਫ਼ੀਸਦ ਵਧ ਕੇ 142 ਹੋ ਗਈ। ਵੀਡੀਓ ਕਾਨਫਰੰਸ ਰਾਹੀਂ ਕਰਵਾਏ ਗਏ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਏਜੰਡਾ ਸੰਮੇਲਨ ਦੇ ਪਹਿਲੇ ਦਿਨ ਜਾਰੀ ਆਕਸਫੈਮ ਇੰਡੀਆ ਦੇ ਸਾਲਾਨਾ ਅਸਮਾਨਤਾ ਸਰਵੇਖਣ ਵਿਚ ਕਿਹਾ ਗਿਆ ਕਿ ਜੇਕਰ ਸਭ ਤੋਂ ਅਮੀਰ 10 ਫੀਸਦ ਲੋਕਾਂ ’ਤੇ ਇਕ ਫੀਸਦ ਵਾਧੂ ਟੈਕਸ ਲਗਾ ਦਿੱਤਾ ਜਾਵੇ, ਤਾਂ ਦੇਸ਼ ਨੂੰ ਲਗਪਗ 17.7 ਲੱਖ ਵਾਧੂ ਆਕਸੀਜਨ ਸਿਲੰਡਰ ਮਿਲ ਸਕਦੇ ਹਨ।
ਇਸ ਰਿਪੋਰਟ ਵਿਚ ਅੱਗੇ ਕਿਹਾ ਗਿਆ ਕਿ 142 ਭਾਰਤੀ ਅਰਬਪਤੀਆਂ ਕੋਲ ਕੁੱਲ 719 ਅਰਬ ਅਮਰੀਕੀ ਡਾਲਰ (53 ਲੱਖ ਕਰੋੜ ਰੁਪਏ ਤੋਂ ਜ਼ਿਆਦਾ) ਦੀ ਸੰਪਤੀ ਹੈ। ਦੇਸ਼ ਦੇ ਸਭ ਤੋਂ ਅਮੀਰ 98 ਲੋਕਾਂ ਦੀ ਸੰਪਤੀ, ਸਭ ਤੋਂ ਗਰੀਬ 55.5 ਕਰੋੜ ਲੋਕਾਂ ਦੀ ਕੁੱਲ ਸੰਪਤੀ ਦੇ ਬਰਾਬਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Education, Education department, Modi government