ਮਾਂ ਨੇ ਚੱਲਦੀ ਟਰੇਨ 'ਚੋਂ ਪਹਿਲਾਂ ਦੋ ਬੱਚਿਆਂ ਨੂੰ ਸੁੱਟਿਆ ਤੇ ਫਿਰ ਖੁਦ ਮਾਰੀ ਛਾਲ, ਵੇਖੋ ਵੀਡੀਓ (ਵਾਇਰਲ) ਮੱਧ ਪ੍ਰਦੇਸ਼ ਦੇ ਉਜੈਨ ਸਟੇਸ਼ਨ 'ਤੇ ਸ਼ਨੀਵਾਰ ਨੂੰ ਇਕ ਅਜੀਬ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋ ਬੱਚਿਆਂ ਅਤੇ ਇੱਕ ਮਾਂ ਦੀ ਜ਼ਿੰਦਗੀ ਦਾਅ 'ਤੇ ਲੱਗ ਗਈ। ਦਰਅਸਲ, ਇੱਥੇ ਇੱਕ ਮਾਂ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਚੱਲਦੀ ਟਰੇਨ ਤੋਂ ਥੱਲੇ ਸੁੱਟ ਦਿੱਤਾ ਅਤੇ ਫਿਰ ਆਪ ਛਾਲ ਮਾਰ ਦਿੱਤੀ।
ਇਸ ਦੌਰਾਨ ਉਥੇ ਤਾਇਨਾਤ ਕਾਂਸਟੇਬਲ ਨੇ ਕਾਫੀ ਫੁਰਤੀ ਦਿਖਾਉਂਦੇ ਹੋਏ ਮਹਿਲਾ ਨੂੰ ਟਰੇਨ ਦੀ ਲਪੇਟ 'ਚ ਆਉਣ ਤੋਂ ਬਚਾਇਆ। ਮਾਂ ਅਤੇ ਦੋਵੇਂ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਔਰਤ ਜਲਦਬਾਜ਼ੀ 'ਚ ਗਲਤ ਟਰੇਨ 'ਚ ਸਵਾਰ ਹੋ ਗਈ ਸੀ। ਟਰੇਨ ਚੱਲਣ ਤੋਂ ਬਾਅਦ ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੂੰ ਕੁਝ ਸਮਝ ਨਹੀਂ ਆਇਆ। ਉਸ ਨੇ ਤੁਰੰਤ ਪਹਿਲਾਂ ਵੱਡੇ ਪੁੱਤਰ ਨੂੰ, ਫਿਰ ਛੋਟੇ ਨੂੰ ਹੇਠਾਂ ਸੁੱਟ ਦਿੱਤਾ। ਜਦੋਂ ਦੋਵੇਂ ਸਟੇਸ਼ਨ 'ਤੇ ਡਿੱਗ ਪਏ ਤਾਂ ਔਰਤ ਨੇ ਵੀ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਜਿਵੇਂ ਹੀ ਉਸ ਨੇ ਛਾਲ ਮਾਰੀ, ਉਹ ਰੇਲਗੱਡੀ ਦੇ ਨਾਲ ਘਸੀਟਣ ਲੱਗੀ।
ਖੁਸ਼ਕਿਸਮਤੀ ਨਾਲ ਕਾਂਸਟੇਬਲ ਮਹੇਸ਼ ਕੁਸ਼ਵਾਹਾ ਉਸੇ ਕੋਚ ਦੇ ਕੋਲ ਖੜ੍ਹਾ ਸੀ। ਉਸ ਨੇ ਔਰਤ ਨੂੰ ਮਰਨ ਤੋਂ ਬਚਾਇਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜੀਆਰਪੀ ਕਾਂਸਟੇਬਲ ਮਹੇਸ਼ ਕੁਸ਼ਵਾਹਾ ਨੂੰ ਉਸ ਦੇ ਕੰਮ ਲਈ ਇਨਾਮ ਵੀ ਦੇਵੇਗੀ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਵਾਪਰੀ। ਇਕ ਸ਼ਖਸ ਆਪਣੀ ਪਤਨੀ ਅਤੇ ਬੱਚਿਆਂ ਨਾਲ ਉਜੈਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 'ਤੇ ਪਹੁੰਚਿਆ, ਜਦੋਂ ਉਸ ਨੇ ਪਲੇਟਫਾਰਮ ਨੰਬਰ 1 'ਤੇ ਜਾਣਾ ਸੀ। ਪਰਿਵਾਰ ਨੂੰ ਸਟੇਸ਼ਨ 'ਤੇ ਛੱਡ ਕੇ ਪਤੀ ਟਿਕਟ ਲੈਣ ਚਲਾ ਗਿਆ। ਉਹ ਜਿਵੇਂ ਹੀ ਰਵਾਨਾ ਹੋਇਆ, ਜੈਪੁਰ-ਨਾਗਪੁਰ ਐਕਸਪ੍ਰੈਸ ਰੇਲਗੱਡੀ ਸਟੇਸ਼ਨ 'ਤੇ ਆ ਗਈ। ਔਰਤ ਨੂੰ ਲੱਗਾ ਕਿ ਉਸ ਨੇ ਇਸ ਟਰੇਨ 'ਚ ਜਾਣਾ ਹੈ, ਇਸ ਲਈ ਉਹ ਜਲਦਬਾਜ਼ੀ 'ਚ ਬੱਚਿਆਂ ਨਾਲ ਇਸ 'ਚ ਚੜ੍ਹ ਗਈ।
ਦੂਜੇ ਪਾਸੇ ਜਦੋਂ ਮਹਿਲਾ ਨੇ ਟਰੇਨ ਦੇ ਅੰਦਰ ਮੌਜੂਦ ਲੋਕਾਂ ਤੋਂ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਉਹ ਗਲਤ ਟਰੇਨ 'ਚ ਸਵਾਰ ਹੋ ਗਈ ਸੀ। ਉਸ ਨੂੰ ਕੁਝ ਸਮਝ ਨਹੀਂ ਆਇਆ ਅਤੇ ਘਬਰਾ ਕੇ ਉਸ ਨੇ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ।
Published by: Gurwinder Singh
First published: May 15, 2022, 14:24 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।