ਸ਼ਾਹਜਹਾਂਪੁਰ (ਉਤਰ ਪ੍ਰਦੇਸ਼): ਪੰਜਾਬ ਕਾਂਗਰਸ ਵੱਲੋਂ ਲਖੀਮਪੁਰ ਖੇੜੀ ਲਈ ਕੀਤੇ ਜਾ ਰਹੇ ਮਾਰਚ ਨੂੰ ਯੂਪੀ ਪੁਲਿਸ ਨੇ ਰੋਕ ਲਿਆ ਹੈ। ਯੂਪੀ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਜਾ ਰਹੇ ਪੰਜਾਬ ਕਾਂਗਰਸ ਦੇ ਕਾਫਲੇ ਨੂੰ ਸਰਹੱਦ ‘ਤੇ ਰੋਕ ਲਿਆ ਹੈ। ਇਸ ਦੌਰਾਨ ਉਤਰ ਪ੍ਰਦੇਸ਼ ਪੁਲਿਸ ਵੱਡੀ ਗਿਣਤੀ ਵਿੱਚ ਹਾਜ਼ਰ ਸੀ, ਜਿਸ ਨੇ ਨਵਜੋਤ ਸਿੰਘ ਸਿੱਧੂ ਸਮੇਤ ਕਈ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਸਿੱਧੂ ਅਤੇ ਕਾਂਗਰਸੀ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੇ ਵਿਰੋਧ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਸ਼ਾਹਜਹਾਂਪੁਰ ਚੌਕੀ ‘ਤੇ ਹੀ ਧਰਨਾ ਲਾ ਲਿਆ। ਸਿੱਧੂ ਤੋਂ ਇਲਾਵਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਬਲਵਿੰਦਰ ਲਾਡੀ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਕੈਬਨਿਟ ਮੰਤਰੀ ਪਰਗਟ ਸਿੰਘ, ਵਿਧਾਇਕ ਮਦਨ ਲਾਲ ਜਲਾਲਪੁਰ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਕੋਟਲੀ ਨੂੰ ਯੂਪੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
ਉਧਰ, ਗ੍ਰਿਫ਼ਤਾਰੀ ਮੌਕੇ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਥੇ ਰੋਕਿਆ ਜਾਂਦਾ ਹੈ ਤਾਂ ਉਹ ਇਥੇ ਹੀ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਸਿੱਧੂ ਨੇ ਕਿਹਾ ਕਿ ਇਹ ਸਾਰੇ ਰਾਹੁਲ ਗਾਂਧੀ ਦੇ ਸਿਪਾਹੀ ਹਨ, ਕੋਈ ਵੀ ਹੱਥ ਨਹੀਂ ਚੁੱਕੇਗਾ। ਉਨ੍ਹਾਂ ਕਿਹਾ ਕਿ ਉਹ ਇਥੋਂ ਇੱਕ ਇੰਚ ਵੀ ਪਿੱਛੇ ਪੈਰ ਨਹੀਂ ਪੁਟਣਗੇ ਅਤੇ ਹਰ ਹਾਲਤ ਵਿੱਚ ਅੱਗੇ ਜਾਣਗੇ।
ਗ੍ਰਿਫਤਾਰੀ ਦੌਰਾਨ ਸਿੱਧੂ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਵਿੱਚ ਹੁਣ ਨਿਆਂ ਨਹੀਂ ਰਿਹਾ, ਕਿਉਂਕਿ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਨਹੀਂ ਪਿਛੇ ਨਹੀਂ ਹਟਣਗੇ ਜਦੋਂ ਤੱਕ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਤੇ ਕੇਂਦਰੀ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।
ਉਧਰ, ਕੁੱਝ ਕਾਂਗਰਸੀ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਏਡੀਜੀਪੀ ਵੱਲੋ ਆਗੂਆਂ ਨੂੰ ਲਖੀਮਪੁਰ ਲੈ ਕੇ ਜਾਣ ਬਾਰੇ ਕਿਹਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਸਮੇਤ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਨੂੰ ਪੁਲਿਸ ਵੈਨ ਵਿੱਚ ਸਰਹੱਦ ਤੋਂ ਦੂਰ ਲਿਜਾਇਆ ਗਿਆ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਪੰਜਾਬ ਕਾਂਗਰਸ ਦੇ ਮੰਤਰੀ ਅਤੇ ਆਗੂਆਂ ਨੂੰ ਪੁਲਿਸ ਥਾਣਾ ਸਰਸਾਵਾ ਵਿਖੇ ਲੈ ਕੇ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Congress, Indian National Congress, Lakhimpur Kheri, Navjot singh sidhu, Punjab Congress, Punjab government, UP Police, Uttar Pradesh, Yogi Adityanath