ਆਖਿਰਕਾਰ ਸੱਚੇ ‘ਰਾਮ’ ਦੀ ਜਿੱਤ ਹੋਈ

ਪੱਤਰਕਾਰ ਛਤਰਪਤੀ ਕਤਲ ਕੇਸ: ਡੇਰਾ ਮੁਖੀ ਖਿਲਾਫ਼ ਅੱਜ ਆ ਸਕਦਾ ਵੱਡਾ ਫੈਸਲਾ...

  • Share this:
    ਵਿਜੇਪਾਲ ਸਿੰਘ ਬਰਾੜ

    ਇੱਕ ਨਾਮ ‘ਰਾਮਚੰਦਰ’ ਛੱਤਰਪਤੀ ਦਾ ਹੈ ਤੇ ਇੱਕ ਨਾਮ ਗੁਰਮੀਤ ‘ਰਾਮ’ ਰਹੀਮ ਹੈ । ਯਾਨੀ ਦੋਹੇਂ ਨਾਵਾਂ ਚ ‘ਰਾਮ’ ਦਾ ਨਾਮ ਆਂਉਦਾ ਹੈ ਪਰ ਕਿਰਦਾਰ ਵਜੋੰ ਜਿਸਨੇ ਅਸਲੀ ‘ਰਾਮ’ ਬਣ ਕੇ ਦਿਖਾਇਆ ਉਹ ਸੀ ਪੱਤਰਕਾਰ ‘ਰਾਮਚੰਦਰ’ ਛੱਤਰਪਤੀ ਜੋ ਸੱਚ ਦੀ ਆਵਾਜ਼ ਬੁਲੰਦ ਕਰਦਾ ਹੋਇਆ ਇਸ ਜਹਾਨ ਤੋਂ ਰੁਖਸਤੀ ਲੈ ਗਿਆ । ਰਾਮਚੰਦਰ ਛੱਤਰਪਤੀ ਨੂੰ ਸੱਚ ਸਾਹਮਣੇ ਲਿਆਉਣ ਦੀ ਕੀਮਤ ਚ ਆਪਣੀ ਜਾਨ ਦੇ ਕੇ ਜਰੂਰ ਚਕਾਉਣੀ ਪਈ ਪਰ ਪਾਪ ਕਿੰਨਾ ਕੁ ਚਿਰ ਲੁਕ ਸਕਦਾ, ਅਖੀਰ ਕਾਨੂੰਨ ਦਾ ਪੰਜਾ ਪਾਪੀਆਂ ਤੇ ਚੱਲ ਗਿਆ ਤੇ ਪੰਚਕੂਲਾ ਕੋਰਟ ਨੇ ਗੁਰਮੀਤ ਰਾਮ ਰਹੀਮ ਤੇ ਹੋਰਨਾਂ ਨੂੰ ਛੱਤਰਪਤੀ ਕਤਲ ਮਾਮਲੇ ਚ ਦੋਸ਼ੀ ਕਰਾਰ ਦੇ ਦਿੱਤਾ ਜਿਸਤੇ ਸਜ਼ਾ ਹੁਣ 17 ਜਨਵਰੀ ਨੂੰ ਸੁਣਾਈ ਜਾਣੀ ਹੈ ।

    ਇਸ ਪੂਰੇ ਮਾਮਲੇ ਚ ਪਹਿਲਾਂ ਤਾਂ ਸਲਾਮ ਕਰਨੀ ਬਣਦੀ ਹੈ ਉਸ ਨਿਧੜਕ ਪੱਤਰਕਾਰ ਨੂੰ ਜਿਸਨੇ ਆਪਣੇ ਛੋਟੇ ਜਿਹੇ ਕਲਮ ਦੇ ਅਦਾਰੇ ਰਾਂਹੀ ‘ਪੂਰਾ ਸੱਚ’ ਸਾਹਮਣੇ ਲਿਆਉਣ ਦਾ ਜਿਗਰਾ ਵਿਖਾਇਆ ਤੇ ਉਸ ਤੋਂ ਬਾਅਦ ਦਾਦ ਦੇਣੀ ਬਣਦੀ ਹੈ ਉਸਦੇ ਪਰਿਵਾਰ ਦੀ, ਜੋ ਪਾਪੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਚ ਅਖਿਰ ਤੱਕ ਡੋਲਿਆ ਨਹੀਂ । ਦਰਅਸਲ ਡਰ ਤੇ ਖੌਫ ਦੀ ਡੇਰੇ ਸਿਰਸੇ ਦੀ ਤਸਵੀਰ ਨੂੰ ਚੰਡੀਗੜ੍ਹ ਚ ਬੈਠ ਕੇ ਮਹਿਸੂਸ ਕਰਨਾ ਬੇਹਦ ਔਖਾ ਹੈ ਜਿਸਦਾ ਸਾਹਮਣਾ ਛੱਤਰਪਤੀ ਵਰਗੇ ਜੁਝਾਰੂ ਪੱਤਰਕਾਰ ਨੇ ਕੀਤਾ, ਕਿਉਂਕਿ ਉਸ ਵੇਲੇ ਸਿਰਸਾ ਤਾਂ ਕੀ, ਉਸ ਇਲਾਕੇ ਦੇ ਕਈ ਕਿਲੋਮੀਟਰ ਦੇ ਘੇਰੇ ਚ ਕਿਸੇ ਦੀ ਡੇਰੇ ਦੇ ਖਿਲਾਫ ਸਾਹ ਕੱਢਣ ਦੀ ਹਿੰਮਤ ਨਹੀਂ ਹੁੰਦੀ ਸੀ ਜਿਸ ਵੇਲੇ ਛੱਤਰਪਤੀ ਵੱਲੋਂ ਆਪਣੇ ਅਖਬਾਰ ਵਿੱਚ ਡੇਰੇ ਦੀਆਂ ਕਰਤੂਤਾਂ ਬਿਆਨ ਕੀਤੀਆਂ ਗਈਆਂ ਸਨ । ਅੱਜਕੱਲ ਗੁਰਮੀਤ ਰਾਮ ਰਹੀਮ ਬਾਰੇ ਸੋਸ਼ਲ ਮੀਡੀਆ ਤੇ ਕੋਈ ਜੋ ਮਰਜੀ ਲਿਖੀ ਜਾਵੇ ਪਰ ਇੱਕ ਸਮਾਂ ਸੀ ਜਦੋਂ ਰਾਮ ਰਹੀਮ ਦੀ ਸੱਤਾ ਚ ਉਸ ਇਲਾਕੇ ਚ ਸਾਹ ਵੀ ਲੋਕ ਉਸ ਤੋਂ ਪੁੱਛ ਕੇ ਲੈਂਦੇ ਸਨ ਸੋ ਅਜਿਹੇ ਤਾਕਤਵਰ ਇਨਸਾਨ ਦੇ ਖਿਲਾਫ ਲਿਖਣਾ, ਲਿਖ ਕੇ ਆਪਣੀ ਜਾਨ ਗਵਾਉਣਾ ਤੇ ਉਸਤੋਂ ਬਾਅਦ ਅੰਸ਼ੁਲ ਛੱਤਰਪਤੀ ਵੱਲੋੰ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਸਿਰੜ ਦੀ ਦਾਦ ਦੇਣੀ ਬਣਦੀ ਹੈ ਜਿਸਨੇ ਆਪਣੇ ਪਿਤਾ ‘ਰਾਮਚੰਦਰ’ ਛੱਤਰਪਤੀ ਦੇ ਨਾਮ ਚ ਅਸਲੀ ‘ਰਾਮ’ ਨੂੰ ਜਿਉਂਦਾ ਰੱਖਿਆ ਤੇ ਗੁਨਾਹਗਾਰਾਂ ਵੱਲੋਂ ‘ਰਾਮ’ ਦਾ ਭੇਸ ਧਾਰ ਕੇ ਕੀਤੇ ਜਾਂਦੇ ਗੁਨਾਹਾਂ ਨੂੰ ਸਾਹਮਣੇ ਲਿਆ ਕੇ ਅਸਲੀ ਬਹਾਦਰ ਹੋਣ ਦਾ ਸਬੂਤ ਦਿੱਤਾ ।
    First published: