ਭਾਰਤ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਯਾਨੀ 2 ਫਰਵਰੀ ਤੋਂ ਬਰਸਾਤ ਦਾ ਦੌਰ ਸ਼ੁਰੂ ਹੋ ਰਿਹਾ ਹੈ। ਇਹ 4-5 ਫਰਵਰੀ ਤੱਕ ਜਾਰੀ ਰਹਿ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ 'ਚ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ 2-3 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਨਾਲ ਹੀ ਕਸ਼ਮੀਰ 'ਚ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਮੰਗਲਵਾਰ ਨੂੰ ਆਈਐਮਡੀ ਦੁਆਰਾ ਜਾਰੀ ਕੀਤੀ ਗਈ ਰੀਲੀਜ਼ ਦੇ ਅਨੁਸਾਰ, 2 ਅਤੇ 4 ਫਰਵਰੀ ਦੇ ਵਿਚਕਾਰ ਪੱਛਮੀ ਹਿਮਾਲਿਆ ਖੇਤਰ ਵਿੱਚ ਵਿਆਪਕ ਹਲਕੀ / ਦਰਮਿਆਨੀ ਬਾਰਿਸ਼ / ਬਰਫਬਾਰੀ ਦੀ ਬਹੁਤ ਸੰਭਾਵਨਾ ਹੈ। ਨਾਲ ਹੀ, ਹਿਮਾਚਲ ਪ੍ਰਦੇਸ਼ ਵਿੱਚ 2 ਅਤੇ 3 ਫਰਵਰੀ ਨੂੰ ਅਤੇ ਉੱਤਰਾਖੰਡ ਵਿੱਚ 3 ਅਤੇ 4 ਫਰਵਰੀ ਨੂੰ ਵੱਖ-ਵੱਖ ਥਾਈਂ ਗੜੇ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ 3 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ/ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਪਮਾਨ
ਆਈਐਮਡੀ ਨੇ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੂਰਬੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਹੌਲੀ-ਹੌਲੀ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਪੰਜਾਬ, ਹਰਿਆਣਾ 'ਚ ਅਗਲੇ 48 ਘੰਟਿਆਂ 'ਚ ਕੜਾਕੇ ਦੀ ਠੰਡ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਉੱਤਰੀ ਰਾਜਸਥਾਨ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਫਰਵਰੀ ਵਿੱਚ ਮੌਸਮ ਦੀ ਸਥਿਤੀ
ਫਰਵਰੀ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੌਸਮ ਵਿਭਾਗ ਨੇ ਕਿਹਾ ਕਿ ਫਰਵਰੀ 2022 ਵਿੱਚ, ਉੱਤਰ-ਪੂਰਬੀ ਭਾਰਤ ਦੇ ਪੂਰਬੀ ਹਿੱਸੇ, ਦੱਖਣ ਪ੍ਰਾਇਦੀਪ ਭਾਰਤ ਅਤੇ ਮੱਧ ਭਾਰਤ ਦੇ ਦੱਖਣ-ਪੂਰਬੀ ਹਿੱਸੇ ਨੂੰ ਛੱਡ ਕੇ, ਜਿੱਥੇ ਘੱਟੋ-ਘੱਟ ਤਾਪਮਾਨ ਆਮ ਜਾਂ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Heavy rain fall, IMD forecast, Rain, Weather