ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ। ਤੇ ਉੱਤਰ ਭਾਰਤ ਦੇ ਵਾਸੀਆਂ ਲਈ ਹਾਲੇ ਠੰਢ ਤੋਂ ਰਾਹਤ ਦੀ ਕੋਈ ਖ਼ਬਰ ਨਹੀਂ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸ਼ਨੀਵਾਰ ਯਾਨਿ 5 ਫ਼ਰਵਰੀ ਦੀ ਸਵੇਰ ਕਾਫ਼ੀ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਪੰਜਾਬ ਦੇ ਅੰਮ੍ਰਿਤਸਰ `ਚ ਸੰਘਣੀ ਧੁੰਦ ਤੇ ਕੋਰ੍ਹੇ ਦੀ ਚਾਦਰ ਵਿਛੀ ਨਜ਼ਰ ਆਈ, ਜਿਸ ਕਾਰਨ ਆਵਾਜਾਈ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਦਕਿ ਬਠਿੰਡਾ ਤੇ ਆਦਮਪੁਰ `ਚ ਸੰਘਣੀ ਧੁੰਦ ਦੇਖਣ ਨੂੰ ਮਿਲੀ।
ਜਾਰੀ ਰਹੇਗਾ ਸੰਘਣੀ ਧੁੰਦ ਦਾ ਕਹਿਰ
ਦੱਸ ਦਈਏ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਹਾਲੇ ਧੁੰਦ ਤੇ ਠੰਢ ਤੋਂ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਇਸ ਦੇ ਨਾਲ ਹੀ ਸੀਤ ਲਹਿਰ ਦਾ ਕਹਿਰ ਵੀ ਜਾਰੀ ਹੈ। 6 ਫ਼ਰਵਰੀ ਨੂੰ ਪੰਜਾਬ ਤੇ ਹਰਿਆਣਾ `ਚ ਫ਼ਿਰ ਤੋਂ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਸੰਘਣੀ ਧੁੰਦ ਦੇ ਨਾਲ ਨਾਲ ਸੀਤ ਲਹਿਰ ਦਾ ਕਹਿਰ ਵੀ ਬਣਿਆ ਰਹਿਣ ਦੀ ਸੰਭਾਵਨਾ ਹੈ।
8 ਤੇ 9 ਫ਼ਰਵਰੀ ਨੂੰ ਮੁੜ ਤੋਂ ਹੋ ਸਕਦੀ ਹੈ ਬਰਸਾਤ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕੁੱਝ ਇਲਾਕਿਆਂ ਤੇ ਰਾਜਧਾਨੀ ਚੰਡੀਗੜ੍ਹ ਚ 8 ਤੇ 9 ਫ਼ਰਵਰੀ ਨੂੰ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣੈ ਕਿ ਮੌਜੂਦਾ ਸਮੇਂ ਵਿੱਚ ਹਿਮਾਚਲ ਤੇ ਪੱਛਮੀ ਹਿਮਾਲਯ ਦੇ ਇਲਾਕਿਆਂ ਵਿੱਚ ਪੱਛਮੀ ਗੜਬੜੀ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਕਾਰਨ ਪਹਾੜਾਂ `ਤੇ ਮੀਂਹ, ਬਰਫ਼ਬਾਰੀ ਤੇ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ। ਜਿਸ ਦਾ ਸਾਫ਼ ਅਸਰ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਹੀ ਉੱਤਰ ਭਾਰਤ ਦੇ ਵਾਸੀਆਂ ਨੂੰ ਠੰਢ ਤੋਂ ਰਾਹਤ ਨਹੀਂ ਮਿਲ ਰਹੀ ਹੈ।
ਹਿਮਾਚਲ `ਚ 72 ਘੰਟੇ ਲਗਾਤਾਰ ਮੀਂਹ ਤੇ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਦੇ ਨਿਵਾਸੀ ਇਸ ਸਮੇਂ ਮੌਸਮ ਦੀ ਦੋਹਰੀ ਮਾਰ ਝੱਲ ਰਹੇ ਹਨ। ਇੱਕ ਤੇਜ਼ ਠੰਢੀਆਂ ਹਵਾਵਾਂ, ਭਾਰੀ ਮੀਂਹ। ਤੇ ਦੂਜੇ ਪਾਸੇ ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਵਿੱਚ ਕਈ ਸੜਕਾਂ ਬੰਦ ਹਨ। ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਪਿਛਲੇ 72 ਘੰਟਿਆਂ 'ਚ ਸੂਬੇ 'ਚ ਲਗਾਤਾਰ ਭਾਰੀ ਬਰਫਬਾਰੀ ਅਤੇ ਬਾਰਿਸ਼ ਹੋਈ ਹੈ। ਆਲਮ ਇਹ ਹੈ ਕਿ ਅੱਧਾ ਹਿਮਾਚਲ ਦੇਸ਼ ਅਤੇ ਦੁਨੀਆਂ ਨਾਲੋਂ ਕੱਟਿਆ ਹੋਇਆ ਹੈ।
ਸ਼ਿਮਲਾ, ਸਿਰਮੌਰ, ਲਾਹੌਲ ਸਪਿਤੀ, ਕਿਨੌਰ, ਸੋਲਨ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਹੋਈ ਹੈ। ਸ਼ਿਮਲਾ ਵਿੱਚ ਰਿਕਾਰਡ ਬਰਫਬਾਰੀ ਹੋਈ ਹੈ ਅਤੇ ਇੱਥੇ ਇੱਕ ਦਿਨ ਦੀ ਛੁੱਟੀ ਦਾ ਐਲਾਨ ਕਰਨਾ ਪਿਆ ਹੈ। ਹਾਲਾਂਕਿ ਸ਼ਨੀਵਾਰ ਨੂੰ ਸੂਬੇ 'ਚ ਸੂਰਜ ਖਿੜਿਆ ਹੈ। ਪਰ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਜਾਣਕਾਰੀ ਅਨੁਸਾਰ ਸ਼ਿਮਲਾ ਜ਼ਿਲ੍ਹਾ ਦੇਸ਼ ਅਤੇ ਦੁਨੀਆ ਨਾਲੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਹੈ। ਸ਼ਿਮਲਾ ਸ਼ਹਿਰ ਨਾਲ ਜੁੜੇ ਤਿੰਨ ਰਾਸ਼ਟਰੀ ਰਾਜਮਾਰਗ ਅਤੇ ਰਾਜ ਦੇ ਕੁੱਲ ਪੰਜ ਰਾਸ਼ਟਰੀ ਰਾਜਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਸ਼ਿਮਲਾ ਨਰਕੰਡਾ, ਸ਼ਿਮਲਾ ਰੋਹੜੂ, ਲੇਹ ਮਨਾਲੀ, ਮਨਾਲੀ ਕਾਜ਼ਾ, ਔਟ-ਲੁਹਰੀ-ਰਾਮਪੁਰ ਹਾਈਵੇਅ ਬੰਦ ਹਨ। ਸੂਬੇ ਵਿੱਚ 840 ਸੜਕਾਂ ਅਤੇ 2840 ਟਰਾਂਸਫਾਰਮਰ ਬੰਦ ਪਏ ਹਨ। 550 ਤੋਂ ਵੱਧ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਰੂਟ ਠੱਪ ਪਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Hailstorm, Haryana, Heavy rain fall, Himachal, IMD forecast, Manali, North India, Punjab, Rain, Shimla, Snowfall, Thunder