ਦੇਸ਼ ਦੇ ਚੋਟੀ ਦੇ ਪਹਿਲਵਾਨਾਂ (Wrestlers vs WFI) ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਅਤੇ ਇਸ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਦਿੱਲੀ ਦੇ ਜੰਤਰ-ਮੰਤਰ 'ਤੇ 18 ਜਨਵਰੀ ਤੋਂ ਚੱਲ ਰਿਹਾ ਧਰਨਾ ਪ੍ਰਦਰਸ਼ਨ ਸਮਾਪਤ ਹੋ ਗਿਆ ਹੈ।
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਦੇਰ ਰਾਤ ਪਹਿਲਵਾਨਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਡਬਲਯੂਐੱਫਆਈ ਦੇ ਮੁਖੀ ਵਿਰੁੱਧ ਦੋਸ਼ਾਂ ਦੀ ਜਾਂਚ ਕਰਨ ਲਈ ਇੱਕ ਕਮੇਟੀ ਦਾ ਐਲਾਨ ਕਰਨ ਅਤੇ ਉਨ੍ਹਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦੇਣ ਤੋਂ ਬਾਅਦ ਪਹਿਲਵਾਨਾਂ ਨੇ ਆਪਣਾ ਵਿਰੋਧ ਮੁਅੱਤਲ ਕਰਨ ਦਾ ਫੈਸਲਾ ਕੀਤਾ। ਭਾਰਤੀ ਓਲੰਪਿਕ ਸੰਘ ਨੇ WFI ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ 7 ਮੈਂਬਰੀ ਜਾਂਚ ਕਮੇਟੀ ਵੀ ਬਣਾਈ ਹੈ।
ਕਾਬਲੇਗੌਰ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਦੇਸ਼ ਦੇ ਨਾਮੀ ਪਹਿਲਵਾਨਾਂ ਦੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀਰਵਾਰ ਨੂੰ ਹੋਈ ਮੁਲਾਕਾਤ ਬੇਸਿੱਟਾ ਰਹੀ ਸੀ।
ਸ਼ੁੱਕਰਵਾਰ ਸਵੇਰੇ ਡੇਢ ਵਜੇ ਤੱਕ ਚੱਲੀ ਮੀਟਿੰਗ ’ਚ ਕੋਈ ਸਿੱਟਾ ਨਾ ਨਿਕਲਣ ਮਗਰੋਂ ਪਹਿਲਵਾਨਾਂ ਵਿਨੇਸ਼ ਫੋਗਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਰਵੀ ਦਹੀਆ ਤੇ ਦੀਪਕ ਪੂਨੀਆ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਇਕ ਪੱਤਰ ਲਿਖ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਖਿਲਾਫ਼ ਸ਼ਿਕਾਇਤ ਕੀਤੀ ਸੀ।
ਇਨ੍ਹਾਂ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਡਬਲਿਊਐੱਫਆਈ ਨੂੰ ਭੰਗ ਕਰਨ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਸੀ। ਮੀਟਿੰਗ ਵੀਰਵਾਰ ਰਾਤ ਕਰੀਬ 10 ਵਜੇ ਸ਼ੁਰੂ ਹੋਈ ਸੀ। ਪਹਿਲਵਾਨ ਤੜਕੇ 1.45 ਵਜੇ ਠਾਕੁਰ ਦੇ ਘਰ ਤੋਂ ਨਿਕਲੇ ਅਤੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲ ਕੀਤੇ ਬਿਨਾਂ ਚਲੇ ਗਏ। ਮੀਟਿੰਗ ਵਿੱਚ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ, ਰਵੀ ਦਹੀਆ, ਸਾਕਸ਼ੀ ਮਲਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਿਨੇਸ਼ ਫੋਗਟ ਸ਼ਾਮਲ ਸਨ।
ਪਹਿਲਵਾਨਾਂ ਨੇ ਆਈਓਏ ਨੂੰ ਲਿਖੇ ਪੱਤਰ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦੀ ਅਪੀਲ ਕੀਤੀ ਸੀ। ਪਹਿਲਵਾਨਾਂ ਨੇ ਓਲੰਪਿਕ ਸੰਘ ਨੂੰ ਕਿਹਾ ਸੀ ਕਿ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ਲਈ ਪਹਿਲਵਾਨਾਂ ਨਾਲ ਸਲਾਹ ਕਰਕੇ ਨਵੀਂ ਕਮੇਟੀ ਬਣਾਈ ਜਾਵੇ। ਪਹਿਲਵਾਨਾਂ ਨੇ ਡਬਲਿਊਐੱਫਆਈ ’ਚ ਕਥਿਤ ਫੰਡਾਂ ਦੇ ਹੇਰ-ਫੇਰ ਦਾ ਵੀ ਦਾਅਵਾ ਕੀਤਾ ਸੀ। ਪਹਿਲਵਾਨਾਂ ਨੇ ਕਿਹਾ ਸੀ ਕਿ ਕੌਮੀ ਕੈਂਪ ਵਿੱਚ ਤਾਇਨਾਤ ਕੋਚ ਤੇ ਖੇਡ ਵਿਗਿਆਨ ਨਾਲ ਜੁੜਿਆ ਸਟਾਫ਼ ‘ਨਾਕਾਬਲ’ ਹੈ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੇ ਭਾਰਤੀ ਕੁਸ਼ਤੀ ਮਹਾਸੰਘ 'ਤੇ ਗੰਭੀਰ ਦੋਸ਼ ਲਾਏ, ਉਹ WFI 'ਚ ਕੀ ਸੁਧਾਰ ਚਾਹੁੰਦੇ ਹਨ, ਇਹ ਗੱਲਾਂ ਵੀ ਸਾਹਮਣੇ ਆਈਆਂ। ਉਨ੍ਹਾਂ ਕਿਹਾ ਕਿ ਇੱਕ ਓਵਰਸਾਈਟ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਅਗਲੇ 4 ਹਫ਼ਤਿਆਂ ਵਿੱਚ ਆਪਣੀ ਜਾਂਚ ਪੂਰੀ ਕਰੇਗੀ।
ਉਨ੍ਹਾਂ ਕਿਹਾ ਕਿ ਪਹਿਲਵਾਨਾਂ ਦੇ ਵਿਰੋਧ ਦੇ ਪਹਿਲੇ ਦਿਨ ਹੀ ਅਸੀਂ ਡਬਲਿਊ.ਐੱਫ.ਆਈ. ਤੋਂ ਜਵਾਬ ਮੰਗਿਆ ਸੀ। ਮੀਟਿੰਗ ਵਿੱਚ ਰੱਖੀਆਂ ਗਈਆਂ ਮੰਗਾਂ ’ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਈ। ਜੋ ਜਾਂਚ ਕਮੇਟੀ ਬਣਾਈ ਜਾਵੇਗੀ, ਉਸ ਵਿੱਚ ਮਹਿਲਾ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਵੇਗੀ। ਅਨੁਰਾਗ ਠਾਕੁਰ ਨੇ ਕਿਹਾ ਕਿ ਆਈਓਏ ਦੀ ਜੋ ਕਮੇਟੀ ਬਣਾਈ ਗਈ ਹੈ, ਉਹ ਅੰਦਰੂਨੀ ਸ਼ਿਕਾਇਤ ਕਮੇਟੀ ਹੈ। ਇਹ ਕਿਸੇ ਵੀ ਖੇਡ ਸੰਘ ਵਿੱਚ ਔਰਤਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP Protest, Protest, Wfi, Wrestler