ਜਤਿਨ ਸ਼ਰਮਾ
ਪਠਾਨਕੋਟ: ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕਣਕਾਂ ਦੀ ਫਸਲ ਨੂੰ ਛੱਟੇ ਪੈਣ ਲੱਗ ਜਾਂਦੇ ਹਨ ਅਤੇ ਇਨ੍ਹਾਂ ਦਿਨਾਂ ਵਿੱਚ ਕਣਕ ਦੀ ਫ਼ਸਲ 'ਤੇ ਪੀਲੀ ਕੁੰਗੀ ਅਤੇ ਚੇਪੇ ਦਾ ਹਮਲਾ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਥੇ ਇਸ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਡਾ ਅਮਰੀਕ ਸਿੰਘ ਨੇ ਕਿਹਾ ਕਿਮੋਸਮ ਦੀ ਤਬਦੀਲੀ ਨਾਲ ਕਣਕ ਦੀ ਫਸਲ ਅਤੇ ਹੋਰ ਹਾੜੀ ਦੀਆਂ ਫਸਲਾਂ ਉੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ, ਜਿਸ ਬਾਰੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਉਨਾਂ ਕਿਹਾ ਕਿ ਦਿਨ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦ ਕਿ ਰਾਤ ਦਾ ਤਾਪਮਾਨ ਘੱਟ ਹੈ, ਜੋ ਪੀਲੀ ਕੁੰਗੀ ਬਿਮਾਰੀ ਦੇ ਵਾਧੇ ਲਈ ਬਹੁਤ ਹੀ ਅਨਕੂਲ ਹੈ। ਉਨਾਂ ਕਿਹਾ ਕਿ ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ, ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਤ ਪੱਤਿਆਂ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉਂਗਲਾਂ 'ਤੇ ਪੀਲਾ ਪਾਊਡਰ ਲੱਗ ਜਾਂਦਾ ਹੈ।
ਉਨਾਂ ਕਿਹਾ ਕਿ ਅਗਲੇ 10-15 ਦਿਨ ਕਣਕ ਦੀ ਫਸਲ ਖਾਸ ਕਰਕੇ ਕਣਕ ਦੀ ਐਚ ਡੀ 2967 ਕਿਸਮ ਲਈ ਬਹੁਤ ਅਹਿਮ ਹਨ । ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਕਣਕ ਦੀ ਫਸਲ ਉੱਪਰ ਫਿਲਹਾਲ ਕਿਸੇ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਨਹੀਂ ਹੋਇਆ ਫਿਰ ਵੀ ਕਿਸਾਨਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।
ਉਨਾਂ ਕਿਹਾ ਕਿ ਚੇਪੇ ਦਾ ਇਸ ਵਕਤ ਕਣਕ ਦੀ ਫਸਲ ਉੱਪਰ ਕੋਈ ਪ੍ਰਭਾਵ ਨਹੀਂ ਹੈ ਇਸ ਲਈ ਚੇਪਾ ਨਾਮੀ ਕੀਟ ਤੋਂ ਡਰਨ ਦੀ ਜ਼ਰੂਰਤ ਨਹੀਂ ਅਤੇ ਨਾਂ ਹੀ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਹੈ ਕਿਉਂਕਿ ਚੇਪਾ ਇਸ ਵਕਤ ਕਣਕ ਦੀ ਫਸਲ ਦਾ ਨੁਕਸਾਨ ਕਰਨ ਦੀ ਹਾਲਤ ਵਿੱਚ ਨਹੀਂ ਹੈ।
ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦੀ ਫਸਲ ਖਾਸ ਕਰਕੇ ਐਚ ਡੀ 2967 ਕਿਸਮ ਦਾ ਨਿਰੰਤਰ ਨਿਰੀਖਣ ਜਾਰੀ ਰੱਖਣ ਅਤੇ ਜਦ ਕਿਤੇ ਵੀ ਪੀਲੀ ਕੁੰਗੀ ਦੇ ਹਮਲੇ ਦਾ ਪਤਾ ਲੱਗੇ ਤਾਂ ਤੁਰੰਤ 1 ਮਿਲੀਲਿਟਰ ਪ੍ਰਪੀਕੋਨਾਜ਼ੋਲ ਜਾਂ ਟੈਬੂਕੋਨਾਜ਼ੋਲ 25 ਡਬਲਿਯੂ ਜੀ ਜਾਂ ਐਜੋਕਸੀਟ੍ਰੋਬਿਨ ਟੈਬੂਕੋਨਾਜ਼ੋਲ 320 ਐਸ ਸੀ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ ਪ੍ਰਭਾਵਤ ਹਿੱਸੇ ਉਪਰ ਅਤੇ ਆਲੇ ਦੁਆਲੇ ਛਿੜਕਾਅ ਕਰ ਦਿੱਤਾ ਜਾਵੇ।
ਉਨਾਂ ਕਿਹਾ ਕਿ ਬਲਾਕ ਪਠਾਨਕੋਟ ਦੇ ਸਮੁੱਚੇ ਸਟਾਫ ਵੱਲੋਂ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦੀ ਸੰਭਾਵਿਤ ਹਮਲੇ ਨੂੰ ਰੋਕਣ ਲਈ ਪਿੰਡਾਂ ਵਿੱਚ ਨਿਰੰਤਰ ਦੌਰੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਕਰਕੇ ਬਿਮਾਰੀ ਦੇ ਹਮਲੇ ਨੂੰ ਸ਼ੁਰੂ ਵਿੱਚ ਹੀ ਰੋਕਿਆ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Crop Damage, Crops, Progressive Farming, Punjab farmers, Rabi crops