ਜਤਿਨ ਸ਼ਰਮਾ
ਪਠਾਨਕੋਟ: ਕਣਕ ਦੀ ਫ਼ਸਲ 'ਤੇ ਪਾਈਆਂ ਜਾਣ ਵਾਲੀਆਂ ਖਾਦਾਂ ਦੀ ਕੁਸ਼ਲਤਾ ਵਧਾਉਣ ਲਈ ਖਾਦਾਂ ਨੂੰ ਸਹੀ ਮਾਤਰਾ 'ਚ, ਸਹੀ ਸਮੇਂ 'ਤੇ ਅਤੇ ਸਹੀ ਢੰਗ ਨਾਲ ਪਾਉਣਾ ਚਾਹੀਦਾ ਹੈ। ਇਹ ਵਿਚਾਰ ਡਾ: ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੀ ਹਾੜ੍ਹੀ ਮੁਹਿੰਮ ਤਹਿਤ ਪਿੰਡ ਚੇਲੇ ਚੱਕ ਵਿਖੇ ਅਗਾਂਹਵਧੂ ਕਿਸਾਨ ਦਲੀਪ ਸਿੰਘ ਦੇ ਖੇਤਾਂ ਵਿੱਚ ਕਣਕ ਦੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਖੇਤੀ ਮਾਹਿਰਾਂ ਨੇ ਕਣਕ ਦੀ ਬਿਜਾਈ ਸਬੰਧੀ ਨਵੀਨਤਮ ਤਕਨੀਕਾਂ, ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਖਾਦਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਵਿਕਰਾਂਤ ਧਵਨ ਡਿਪਟੀ ਪੀ.ਡੀ, ਡਾ: ਨੌਨਿਹਾਲ ਸਿੰਘ ਸਹਾਇਕ ਤਕਨਾਲੋਜੀ ਮੈਨੇਜਰ (ਆਤਮਾ), ਪਵਨ ਕੁਮਾਰ ਥੱਪੜ ਅਤੇ ਹੋਰ ਕਿਸਾਨ ਹਾਜ਼ਰ ਸਨ |
ਇਸ ਮੌਕੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਡਾ: ਅਮਰੀਕ ਸਿੰਘ ਨੇ ਕਿਹਾ ਕਿ ਖੇਤੀ ਲਾਗਤਾਂ ਘਟਾਉਣ ਲਈ ਜ਼ਮੀਨ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੇ ਆਧਾਰ 'ਤੇ ਫ਼ਸਲਾਂ ਵਿੱਚ ਰਸਾਇਣਕ ਅਤੇ ਦੇਸੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਵਾਧੂ ਖਾਦਾਂ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਫਾਸਫੋਰਸ ਪੌਸ਼ਟਿਕ ਤੱਤ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡੀ.ਏ.ਪੀ (ਡਾਇਆ) ਖਾਦ ਉਪਲਬਧ ਨਾ ਹੋਵੇ ਤਾਂ ਕਣਕ ਨੂੰ ਸਲਫਰ ਫਾਸਫੇਟ ਜਾਂ ਅਮੋਨੀਅਮ ਫਾਸਫੇਟ ਖਾਦ, ਕਿਸਾਨ ਖਾਦ (12:32:16), 20:20:0:13 ਅਤੇ 15:15:15 ਨਾਲ ਪਾਉ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿੰਗਲ ਸੁਪਰ ਫਾਸਫੇਟ ਖਾਦ ਤੋਂ ਵੀ ਫਾਸਫੋਰਸ ਤੱਤ ਪ੍ਰਾਪਤ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agriculture, Pathankot, Punjab