ਜਤਿਨ ਸ਼ਰਮਾ
ਪਠਾਨਕੋਟ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪਠਾਨਕੋਟ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਨਾਲ ਹੋਣ ਵਾਲੇ ਨੁਕਸਾਨ, ਝੋਨੇ ਦੇ ਮਧਰੇ ਬੂਟਿਆਂ ਦੀ ਸਮੱਸਿਆ ਅਤੇ ਮੱਕੀ ਦੀ ਫਸਲ ਉੱਪਰ ਫਾਲ ਆਰਮੀ ਵਾਰਮ ਦੀ ਸੁਚੱਜੀ ਰੋਕਥਾਮ,ਸੁਬਸਿਡੀ 'ਤੇ ਮਸ਼ੀਨਰੀ ਅਤੇ ਪੀ.ਐਮ ਕਿਸਾਨ ਸਕੀਮ ਬਾਰੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ 13 ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੁਹਿੰਮ ਦੀ ਅਗਵਾਈ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਨੇ ਕੀਤੀ। ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਡਾ. ਪ੍ਰਿਤਪਾਲ ਸਿੰਘ, ਡਾ. ਵਿਕਰਾਂਤ ਧਵਨ ਡਿਪਟੀ ਪੀ ਡੀ ਆਤਮਾ,ਡਾ. ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਰਵਿੰਦਰ ਸਿੰਘ, ਅਨੁਪਮ ਦੋਗਰਾ, ਬਨਵਾਰੀ ਲਾਲ ਪਾਂਡੇ,ਨਵੀਨ ਕੁਮਾਰ ਗੁਪਤਾ ਨੇ ਅਹਿਮ ਯੋਗਦਾਨ ਪਾਇਆ।
ਪਿੰਡ ਪਪਿਆਲ ਨਵਾਂ ਵਿਖੇ ਇਕੱਤਰ ਹੋਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨ/ਗ੍ਰਾਮ ਪੰਚਾਇਤ/ਸਹਿਕਾਰੀ ਸਭਾਵਾਂ ਜਾਂ ਐਫ.ਪੀ.ਓ. ਪਰਾਲੀ ਪ੍ਰਬੰਧਨ ਲਈ ਵਰਤੀ ਜਾਂਦੀ ਮਸ਼ੀਨਰੀ 'ਤੇ ਸਬਸਿਡੀ ਲੈਣ ਦੇ ਇੱਛੁਕ ਹਨ, ਉਹ 15 ਅਗਸਤ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਤੋਂ ਮਿਲੀਆਂ ਨਵੀਆਂ ਹਦਾਇਤਾਂ ਅਨੁਸਾਰ ਰਜਿਸਟਰਡ ਕਿਸਾਨ ਸਮੂਹ ਨੂੰ ਕਸਟਮ ਹਾਇਰਿੰਗ ਦੇ ਲਾਭਪਾਤਰੀਆਂ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੱਕਣ ਵਿੱਚ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 130,131,121,128,127 ਤੋਂ ਇਲਾਵਾ ਹੋਰਨਾਂ ਕਿਸਮਾਂ ਦੇ ਬੂਟਿਆਂ ਵਿੱਚ ਮਧਰੇਪਣ ਦੀ ਸਮੱਸਿਆ ਆ ਰਹੀ ਹੈ। ਜਿਸ ਕਾਰਨ ਕਿਸਾਨਾਂ ਅੰਦਰ ਘਬਰਾਹਟ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਕਾਰਨਾਂ ਬਾਰੇ ਜਾਨਣ ਲਈ ਨਮੂਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ/ਰਾਸ਼ਟਰੀ ਝੋਨਾ ਖੋਜ ਕੇਂਦਰ ਹੈਦਰਾਬਾਦ ਭੇਜੇ ਗਏ ਹਨ ਜਿਸ ਦੀ ਰਿਪੋਰਟ ਆਉਣ 'ਤੇ ਕਾਰਨ ਅਤੇ ਇਲਾਜ ਬਾਰੇ ਦੱਸ ਦਿੱਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।