ਜਤਿਨ ਸ਼ਰਮਾ
ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਦੇ ਬਿਜਲੀ ਵਿਭਾਗ ਨੇ ਪਟਵਾਰਖਾਨੇ ਵੱਲੋਂ ਬਿਜਲੀ ਬਿੱਲ ਜਮ੍ਹਾਂ ਨਾ ਕਰਵਾਉਣ ਕਾਰਨ ਪਟਵਾਰਖਾਨੇ ਦਾ ਮੀਟਰ ਕੱਟ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਸੁਜਾਨਪੁਰ ਦੇ ਇਸ ਪਟਵਾਰਖਾਨੇ ਦਾ ਬਿਜਲੀ ਦਾ ਬਿੱਲ 1 ਲੱਖ 46 ਹਜ਼ਾਰ ਦੇ ਕਰੀਬ ਹੈ ਜੋ ਕਿ ਕਾਫੀ ਸਮੇਂ ਤੋਂ ਜਮ੍ਹਾ ਨਹੀਂ ਕਰਵਾਇਆ ਗਿਆ, ਜਿਸ ਕਾਰਨ ਸੁਜਾਨਪੁਰ ਦੇ ਪਟਵਾਰਖਾਨੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਹ ਸਭ ਜਾਣਨ ਲਈ ਜਦੋਂ ਪਟਵਾਰਖਾਨੇ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਪਟਵਾਰਖਾਨੇ ਦੇ ਕਮਰਿਆਂ ਵਿਚ ਬਿਜਲੀ ਦਾ ਕੁਨੈਕਸ਼ਨ ਨਾ ਹੋਣ ਕਾਰਨ ਹਨੇਰਾ ਸੀ ਅਤੇ ਲਾਈਟਾਂ ਨਾ ਹੋਣ ਕਾਰਨ ਜ਼ਿਆਦਾਤਰ ਮੁਲਾਜ਼ਮ ਆਪਣੀਆਂ ਕੁਰਸੀਆਂ 'ਤੇ ਨਹੀਂ ਸਨ, ਅਤੇ ਜੋ ਬੈਠੇ ਸਨ ਉਹ ਆਪਣੇ ਮੋਬਾਈਲ ਫੋਨਾਂ ਦੀ ਟਾਰਚ ਨਾਲ ਕੰਮ ਕਰ ਰਹੇ ਸਨ।
ਇਸ ਸਬੰਧੀ ਜਦੋਂ ਪਟਵਾਰਖਾਨੇ ਵਿੱਚ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਪਟਵਾਰਖਾਨੇ ਵਿੱਚ ਕੰਮ ਕਰਵਾਉਣ ਲਈ ਆ ਰਹੇ ਹਨ ਪਰ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਦੋਂ ਪਟਵਾਰਖਾਨੇ ਵਿੱਚ ਕੰਮ ਕਰਦੇ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ 3/4 ਮਹੀਨਿਆਂ ਤੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਪਟਵਾਰਖਾਨੇ ਵਿੱਚ ਬਿਜਲੀ ਬੰਦ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Pathankot, PSPCL, Punjab government