ਜਤਿਨ ਸ਼ਰਮਾ,
ਪਠਾਨਕੋਟ: 75ਵੇਂ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਤਹਿਤ 13 ਤੋਂ 15 ਅਗਸਤ ਤੱਕ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾਣੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਫਲੈਗ ਕੋਡ’ ਵਿੱਚ ਢਿੱਲ ਦਿੱਤੀ ਗਈ ਹੈ। ਆਪਣੇ ਘਰਾਂ 'ਤੇ ਤਿਰੰਗਾ ਝੰਡਾ ਲਹਿਰਾਉਣ ਲਈ ਜ਼ਿਲ੍ਹਾ ਪਠਾਨਕੋਟ (Pathankot) ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਕੀਤਾ। ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਫਲੈਗ ਕੋਡ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਤਿਰੰਗਾ ਸਾਡੇ ਲਈ ਬਹੁਤ ਸਤਿਕਾਰਯੋਗ ਹੈ। ਉਨ੍ਹਾਂ ਨੇ ਦੱਸਿਆ ਕਿ ਝੰਡਾ ਸੂਤ/ਪੋਲੀਸਟਰ/ਉੱਨ/ਸਿਲਕ, ਖਾਦੀ ਤੋਂ ਬਣਿਆ ਹੋ ਸਕਦਾ ਹੈ। ਆਮ ਲੋਕ ਵੀ ਆਪਣੇ ਘਰਾਂ 'ਤੇ ਝੰਡਾ ਲਹਿਰਾ ਸਕਦੇ ਹਨ ਅਤੇ ਤਿਰੰਗਾ ਦਿਨ-ਰਾਤ ਲਹਿਰਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਵਿੱਚ ਕਰੀਬ 86 ਹਜਾਰ ਤਿਰੰਗੇ ਝੰਡੇ ਲਹਿਰਾਏ ਜਾਣੇ ਹਨ, ਰਾਸ਼ਟਰੀ ਝੰਡਿਆਂ ਨੂੰ ਜਿਥੇ ਆਮ ਆਦਮੀ ਖਰੀਦ ਕੇ ਆਪਣੇ ਘਰਾਂ 'ਤੇ ਲਹਿਰਾਉਣਗੇ ਉੱਥੇ ਸਮੂਹ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਪ੍ਰਬੰਧਕ ਵੀ ਝੰਡੇ ਖਰੀਦ ਕੇ ਆਪੋ-ਆਪਣੀਆਂ ਇਮਾਰਤਾਂ 'ਤੇ ਲਹਿਰਾਉਣਗੇ। ਉਨ੍ਹਾਂ ਨੇ ਦੱਸਿਆ ਕਿ ਕੌਮੀ ਝੰਡਾ ਆਇਤਾਕਾਰ (Rectangular) ਹੋਵੇ ਅਤੇ ਇਸ ਦਾ ਆਕਾਰ ਕੋਈ ਵੀ ਹੋ ਸਕਦਾ ਹੈ, ਪਰ ਲੰਬਾਈ ਅਤੇ ਚੌੜਾਈ ਦਾ ਅਨੁਪਾਤ 3:2 ਹੋਵੇ। ਜਦੋਂ ਵੀ ਤੁਸੀਂ ਆਪਣੇ ਘਰ ਤਿਰੰਗਾ ਲਹਿਰਾਓ, ਇਹ ਸਾਫ ਸੁਥਰੀ ਅਤੇ ਸਤਿਕਾਰ ਵਾਲੀ ਥਾਂ ਹੋਵੇ ਅਤੇ ਕੇਸਰੀ ਰੰਗ ਸਭ ਤੋਂ ਉਪਰ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਝੰਡੇ (National Flag) ਦੀ ਮਾਣ ਮਰਿਆਦਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸੂਰਤ ਵਿੱਚ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਜ਼ਿਲ੍ਹਾ ਵਾਸੀ ਤਿਰੰਗੇ ਨਾਲ ਸੈਲਫੀ ਲੈ ਕੇ ਪੋਰਟਲhttps://harghartiranga.com/'ਤੇ ਵੀ ਅਪਲੋਡ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।