ਪਟਿਆਲਾ ਦੇ ਪਿੰਡ ਫੈਜ਼ਗੜ੍ਹ 'ਚ ਜਾਇਦਾਦ ਦੇ ਝਗੜੇ 'ਚ 22 ਸਾਲਾ ਨੌਜਵਾਨ ਨੇ ਕੁਹਾੜੀ ਨਾਲ ਆਪਣੀ ਮਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਘਰ ਦੇ ਅੰਦਰ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ। ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨ ਆਪਣੀ ਮਾਂ 'ਤੇ ਪੈਸਿਆਂ ਲਈ ਜ਼ਮੀਨ ਵੇਚਣ ਦਾ ਦਬਾਅ ਬਣਾ ਰਿਹਾ ਸੀ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 54 ਸਾਲਾ ਕਿਰਨਾ ਦੋ ਦਿਨਾਂ ਤੋਂ ਲਾਪਤਾ ਸੀ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਇਸ ਤੋਂ ਬਾਅਦ ਦੋ ਦਿਨ ਬਾਅਦ ਉਸ ਦੀ ਲਾਸ਼ ਘਰ ਦੇ ਕਮਰੇ ਵਿੱਚ ਦੱਬੀ ਹੋਈ ਮਿਲੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਔਰਤ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੇਟੇ ਨੇ ਕਥਿਤ ਤੌਰ 'ਤੇ ਕਬੂਲ ਕੀਤਾ ਹੈ ਕਿ ਉਸਨੇ ਆਪਣੀ ਮਾਂ ਦਾ ਕਤਲ ਕੀਤਾ ਹੈ। ਕਿਉਂਕਿ ਉਹ ਆਪਣੀ ਜ਼ਮੀਨ ਵੇਚਣ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਰਹੀ ਸੀ।
ਪੁਲਿਸ ਨੇ ਦੱਸਿਆ ਕਿ ਸਾਬਿਰ ਅਲੀ (22) ਨੇ ਆਪਣੀ ਮਾਂ ਕਿਰਨਾ ਨੂੰ ਮਾਰਨ ਲਈ ਕੁਹਾੜੀ ਦੀ ਵਰਤੋਂ ਕੀਤੀ। 2 ਦਿਨ ਪਹਿਲਾਂ ਉਸਦੀ ਮਾਂ ਨਾਲ ਝਗੜਾ ਹੋਇਆ ਸੀ। ਕਿਉਂਕਿ ਉਹ ਚਾਹੁੰਦਾ ਸੀ ਕਿ ਉਸਦੀ ਮਾਂ ਆਪਣੀ ਕੁੱਲ ਛੇ ਏਕੜ ਵਿੱਚੋਂ ਦੋ ਏਕੜ ਵੇਚ ਦੇਵੇ। ਜਦੋਂ ਉਸਨੇ ਇਸ ਨੂੰ ਵੇਚਣ ਤੋਂ ਇਨਕਾਰ ਕੀਤਾ ਤਾਂ ਸਾਬਿਰ ਨੇ ਗੁੱਸੇ 'ਚ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੇ ਕੁਹਾੜੀ ਚੁੱਕ ਕੇ ਆਪਣੀ ਮਾਂ 'ਤੇ ਵਾਰ-ਵਾਰ ਹਮਲਾ ਕੀਤਾ। ਫਿਰ ਉਸ ਨੇ ਘਰ ਦੇ ਇਕ ਕਮਰੇ ਵਿਚ ਟੋਆ ਪੁੱਟ ਕੇ ਉਸ ਦੀ ਲਾਸ਼ ਨੂੰ ਦੱਬ ਦਿੱਤਾ।
ਪਿੰਡ ਦੇ ਸਰਪੰਚ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਕਰੀਬ 20 ਸਾਲ ਪਹਿਲਾਂ ਮ੍ਰਿਤਕ ਔਰਤ ਕਿਰਨਾ ਦਾ ਕਾਕਾ ਖਾਨ ਨਾਲ ਦੂਜਾ ਵਿਆਹ ਹੋਇਆ ਸੀ। ਕੁਝ ਸਾਲ ਪਹਿਲਾਂ ਕਾਕਾ ਖਾਨ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਾਬਿਰ ਅਲੀ ਆਪਣੀ ਮਾਂ ਨਾਲ ਜਾਇਦਾਦ ਨੂੰ ਲੈ ਕੇ ਅਕਸਰ ਝਗੜਾ ਕਰਦਾ ਰਹਿੰਦਾ ਸੀ। ਡੀਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਸਾਬਿਰ ਅਲੀ ਨੇ ਪੈਸੇ ਅਤੇ ਜਾਇਦਾਦ ਲਈ ਆਪਣੀ ਮਾਂ ਦਾ ਕਤਲ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।