ਪੰਜਾਬ ਸਰਕਾਰ ਇਸ ਮੌਨਸੂਨ ਸੀਜ਼ਨ ਦੌਰਾਨ ਹੜਾਂ ਦੀ ਰੋਕਥਾਮ ਲਈ ਡਰੇਨਾਂ ਦੀ ਸਫਾਈ ਸਮੇਤ ਵਿਆਪਕ ਹੜ ਪ੍ਰਬੰਧਨ ਕੰਮਾਂ ਉਤੇ 50 ਕਰੋੜ ਰੁਪਏ ਖਰਚੇਗੀ। 'ਕੈਪਟਨ ਨੂੰ ਸਵਾਲ' ਆਪਣੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੁੱਲ 2,100 ਕਿਲੋਮੀਟਰ ਲੰਬੀਆਂ ਡਰੇਨਾਂ ਵਿੱਚੋਂ 1,400 ਕਿਲੋ ਮੀਟਰ ਦੀ ਸਫਾਈ ਮੁਕੰਮਲ ਹੋ ਚੁੱਕੀ ਹੈ ਜਦੋਂ ਕਿ ਬਾਕੀ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾਜ਼ੁਕ ਥਾਵਾਂ ਉਤੇ 42 ਹੋਰ ਹੜ ਰੋਕੋ ਪ੍ਰਾਜੈਕਟ ਵੀ ਵੱਡੇ ਪੱਧਰ 'ਤੇ ਚੱਲ ਰਹੇ ਹਨ। ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਰੋਕਥਾਮ ਦੇ ਕੰਮਾਂ ਤਹਿਤ ਸੰਵੇਦਨਸ਼ੀਲ ਥਾਵਾਂ ਉਤੇ ਈ.ਸੀ. ਬੈਗ ਲਗਾਏ ਗਏ ਹਨ। ਇਹ ਦੇਖਦਿਆਂ ਕਿ ਪਿਛਲੇ ਸਾਲ ਪਹਾੜੀ ਸਥਾਨਾਂ 'ਤੇ ਬਰਫ ਪਿਘਲਣ ਕਾਰਨ ਭਾਖੜਾ ਡੈਮ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਸੂਬੇ ਵਿੱਚ ਹੜ ਆ ਗਏ ਸਨ, ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਰੋਕਥਾਮ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਕਿਹਾ ਗਿਆ ਹੈ ਕਿ ਵਾਧੂ ਪਾਣੀ ਲਈ ਜਗਾ ਬਣਾਉਣ ਵਾਸਤੇ ਵਹਾਅ ਨੂੰ ਵਧਾ ਦਿੱਤਾ ਜਾਵੇ ਅਤੇ ਨਾਲ ਹੀ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਵਹਾਅ ਦੋ ਮਹੀਨੇ ਪਹਿਲਾ ਵਧਾ ਕੇ 30,000 ਕਿਊਸਕ ਕਰ ਦਿੱਤਾ ਸੀ ਅਤੇ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1,335 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 20 ਫੁੱਟ ਘੱਟ ਹੈ।ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੌਂਗ ਡੈਮ ਸਿਰਫ ਮੀਂਹ ਵਾਲਾ ਹੈ ਅਤੇ ਇਥੇ ਵਹਾਅ ਵਧਾ ਕੇ 15,000 ਕਿਊਸਕ ਤੱਕ ਕਰ ਦਿੱਤਾ ਹੈ। ਇਸ ਵੇਲੇ ਡੈਮ ਵਿੱਚ ਪਾਣੀ ਦਾ ਪੱਧਰ 1,335 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 8 ਫੁੱਟ ਜ਼ਿਆਦਾ ਹੈ। ਰਣਜੀਤ ਸਾਗਰ ਡੈਮ ਵਿੱਚੋਂ ਪਾਣੀ ਦਾ ਵਹਾਅ 14,664 ਕਿਊਸਕ ਹੈ ਅਤੇ ਡੈਮ ਦਾ ਪੱਧਰ ਇਸ ਵੇਲੇ 512 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 1 ਫੁੱਟ ਜ਼ਿਆਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।