ਚੰਡੀਗੜ੍ਹ: ਪੰਜਾਬ ਦੇ ਬਹੁਚਰਚਿੱਤ ਡਰੱਗ ਮਾਮਲੇ ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਐਫ਼.ਆਈ.ਆਰ ਦਰਜ ਕਰਨ ਨੂੰ ਆਮ ਆਦਮੀ ਪਾਰਟੀ (ਆਪ) ਨੇ ਸੱਤਾਧਾਰੀ ਕਾਂਗਰਸ ਦਾ ਚੋਣਾਵੀਂ ਸਟੰਟ ਕਰਾਰ ਦਿੱਤਾ ਹੈ। ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦੋਸ਼ ਲਾਇਆ, ‘‘ਅਸੀਂ 8 ਦਸੰਬਰ ਨੂੰ ਹੀ ਦੱਸ ਦਿੱਤਾ ਸੀ ਕਿ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਵਿਚਕਾਰ ਇੱਕ ਫ਼ਾਰਮ ਹਾਊਸ ’ਤੇ ਡੀਲ ਹੋ ਚੁਕੀ ਸੀ। ਚੰਨੀ ਸਰਕਾਰ ਚੋਣਾਵੀਂ ਫਾਇਦੇ ਲਈ ਬੇਹੱਦ ਕਮਜ਼ੋਰ ਆਧਾਰ ’ਤੇ ਵਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰੇਗੀ ਅਤੇ ਗਿਰਫ਼ਤਾਰ ਕਰਨ ਦਾ ਡਰਾਮਾ ਕਰੇਗੀ। ਮਜੀਠੀਆ ਖ਼ਿਲਾਫ਼ ਐਫ਼.ਆਈ.ਆਰ ਦਰਜ ਕਰਨਾ ਸਟੰਟਮੈਨ ਚੰਨੀ ਦਾ ਚੋਣਾਵੀਂ ਸਟੰਟ ਹੈ।’’
ਰਾਘਵ ਚੱਢਾ ਨੇ ਕਿਹਾ, ‘‘ਮਜੀਠੀਆ ਮਾਮਲੇ ਦਾ ਹੱਲ ਵੀ ਉਸੇ ਤਰ੍ਹਾਂ ਹੋਵੇਗਾ, ਜਿਸ ਤਰ੍ਹਾਂ ਰਾਜਾ ਵੜਿੰਗ ਦੇ ਬੱਸ ਮਾਮਲੇ ਦਾ ਹੋਇਆ ਸੀ। ਜਿਸ ਵਿੱਚ ਅਦਾਲਤ ਨੇ ਅਗਲੇ ਹੀ ਦਿਨ ਬੰਦ ਕੀਤੀਆਂ ਬੱਸਾਂ ਛੱਡ ਦਿੱਤੀਆਂ ਸਨ। ਚੋਣਾ ਨੇੜੇ ਦੇਖ ਕੇ ਚੰਨੀ ਸਰਕਾਰ ਮਜੀਠੀਆ ’ਤੇ ਕੇਸ ਦਰਜ ਕਰਕੇ ਚੋਣਾਵੀਂ ਸਟੰਟ ਖੇਡ ਰਹੀ ਹੈ। ਜੇਕਰ ਸੱਚ ਵਿੱਚ ਕਾਂਗਰਸ ਸਰਕਾਰ ਡਰੱਗ ਮਾਮਲੇ ਵਿੱਚ ਲੋਕਾਂ ਨੂੰ ਇਨਸਾਫ਼ ਦੇਣਾ ਚਾਹੁੰਦੀ ਸੀ, ਤਾਂ 16 ਮਾਰਚ 2017 (ਜਿਸ ਦਿਨ ਕਾਂਗਰਸ ਸਰਕਾਰ ਬਣੀ ਸੀ) ਤੋਂ ਅੱਜ ਤੱਕ ਕੋਈ ਵੱਡੀ ਜਾਂਚ ਜਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਚੱਢਾ ਨੇ ਕਿਹਾ ਕਿ ਚੰਨੀ ਸਰਕਾਰ ਹੁਣ ਸਿਰਫ਼ ਇੱਕ ਹਫ਼ਤੇ ਦੀ ਸਰਕਾਰ ਰਹਿ ਗਈ ਹੈ। ਦਸੰਬਰ ਦੇ ਅਖ਼ੀਰ ਵਿੱਚ ਚੋਣ ਜਾਬਤਾ ਲੱਗ ਜਾਵੇਗਾ ਅਤੇ ਚੰਨੀ ਸਰਕਾਰ ਦੀਆਂ ਸਾਰੀਆਂ ਸ਼ਕਤੀਆਂ ਖ਼ਤਮ ਹੋ ਜਣਗੀਆਂ। ਇਸ ਲਈ ਆਪਣੇ ਚੋਣਾਵੀਂ ਲਾਭ ਲਈ ਕਾਂਗਰਸ ਸਰਕਾਰ ਐਫ਼.ਆਈ.ਆਰ ਦਾ ਡਰਾਮਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਨਸ਼ੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਵੱਡੀ ਜਾਂਚ ਕੀਤੀ ਹੈ। ਪੰਜ ਸਾਲਾਂ ਤੱਕ ਕਾਂਗਰਸੀ ਆਗੂਆਂ ਨੇ ਡਰੱਗ ਮਾਫੀਆ ਨੂੰ ਸੁਰੱਖਿਆ ਦਿੱਤੀ। ਹੁਣ ਚੋਣ ਜਾਬਤਾ ਲੱਗਣ ਤੋਂ ਪੰਜ ਦਿਨ ਪਹਿਲਾਂ ਐਫ.ਆਈ.ਆਰ ਕਰਕੇ ਕਾਂਗਰਸ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
‘ਆਪ’ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਪੂਰੇ ਪੰਜਾਬ ’ਚ ਨਸ਼ੇ ਦਾ ਸ਼ਰੇਆਮ ਕਾਰੋਬਾਰ ਹੋਇਆ ਅਤੇ ਨਸ਼ੇ ਦੇ ਸੌਦਾਗਰ ਬੇਖ਼ੋਫ਼ ਘੁੰਮ ਰਹੇ ਹਨ। ਪਿਛਲੀ ਬਾਦਲ ਸਰਕਾਰ ਤੋਂ ਜ਼ਿਆਦਾ ਨਸ਼ੀਲੇ ਪਦਾਰਥਾਂ ਦਾ ਵਪਾਰ ਕਾਂਗਰਸ ਸਰਕਾਰ ਵਿੱਚ ਹੋਇਆ ਹੈ। ਕਾਂਗਰਸੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਮਿਲ ਕੇ ਸਾਂਝੀਦਾਰੀ ਦੇ ਤਹਿਤ ਪੂਰੇ ਪੰਜਾਬ ਵਿੱਚ ਨਸ਼ੇ ਦਾ ਵਪਾਰ ਕਰਦੇ ਹਨ। ਆਗੂਆਂ ਅਤੇ ਮਾਫੀਆ ਵਿੱਚਕਾਰ 75 ਅਤੇ 25 ਦੀ ਸਾਂਝੇਦਾਰੀ ਹੈ। ਆਗੂਆਂ ਕੋਲ 75 ਫ਼ੀਸਦੀ ਹਿੱਸਾ ਜਾਂਦਾ ਹੈ ਅਤੇ ਮਾਫੀਆ ਦਾ ਹਿੱਸਾ 25 ਫ਼ੀਸਦੀ ਹੁੰਦਾ ਹੈ। ਚੱਢਾ ਨੇ ਕਿਹਾ ਕਿ ਬੇਅਦਬੀ ਅਤੇ ਡਰੱਗ ਮਾਮਲੇ ਵਿੱਚ ਕਾਰਵਾਈ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਆਪਣੇ 80 ਦਿਨਾਂ ਦੇ ਰਾਜ ਵਿੱਚ ਦੋ ਬਾਰ ਏ.ਜੀ ਅਤੇ ਤਿੰਨ ਬਾਰ ਡੀ.ਜੀ.ਪੀ. ਬਦਲ ਚੁੱਕੇ ਹਨ। ਦਰਅਸਲ ਮੁੱਖ ਮੰਤਰੀ ਚੰਨੀ, ਸਰਕਾਰ ਨਹੀਂ ਸਰਕਸ ਚਲਾ ਰਹੇ ਹਨ। ਲੇਕਿਨ ਪੰਜਾਬ ਦੇ ਲੋਕ ਚੰਨੀ ਸਰਕਾਰ ਦੇ ਚੋਣਾਵੀਂ ਸਟੰਟ ਅਤੇ ਸਰਕਸ ਵਿੱਚ ਨਹੀਂ ਫਸਣ ਵਾਲੇ। ਲੋਕਾਂ ਨੂੰ ਪਤਾ ਹੈ ਕਿ ਚੋਣਾ ਤੋਂ ਠੀਕ ਪਹਿਲਾ ਮਜੀਠੀਆ ’ਤੇ ਐਫ.ਆਈ.ਆਰ ਦਰਜ ਕਰਕੇ ਚੰਨੀ ਸਰਕਾਰ ਕਾਰਵਾਈ ਦਾ ਦਿਖਾਵਾ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Assembly Elections 2022, Bikram Singh Majithia, Punjab Election 2022, Punjab politics, Raghav