ਕੋਰੋਨਾ ਤੋਂ ਬਚਾਅ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ

News18 Punjabi | News18 Punjab
Updated: April 11, 2021, 4:46 PM IST
share image
ਕੋਰੋਨਾ ਤੋਂ ਬਚਾਅ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ
ਕੋਰੋਨਾ ਤੋਂ ਬਚਾਅ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ

ਆਪਣੇ 80 ਸਾਲ ਦੇ ਪੁੱਤਰ ਅਤੇ ਪਰਿਵਾਰ ਸਮੇਤ ਕਰਵਾਇਆ ਟੀਕਾਕਰਨ, ਹਰੇਕ ਯੋਗ ਵਿਅਕਤੀ ਨੂੰ ਟੀਕਾਕਰਨ ਕਰਾਉਣ ਅਤੇ ਬਚਾਅ ਹਦਾਇਤਾਂ ਦੀ ਪਾਲਣਾ ਕਰਨ ਦੀ ਦਿੱਤੀ ਨਸੀਹਤ

  • Share this:
  • Facebook share img
  • Twitter share img
  • Linkedin share img
ਮੋਗਾ: ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।

ਇਸ ਟੀਕਾਕਰਨ ਨੂੰ ਜਿੱਥੇ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਹੀ ਕੁਝ ਲੋਕ ਇਸ ਟੀਕਾਕਰਨ ਬਾਰੇ ਵਹਿਮ ਭਰਮ ਅਤੇ ਭੁਲੇਖ਼ੇ ਪੈਦਾ ਕਰ ਰਹੇ ਹਨ। ਅਜਿਹੇ ਮੌਕੇ ਉੱਤੇ ਸ਼ਹਿਰ ਮੋਗਾ ਦੀ ਇਕ 105 ਸਾਲਾਂ ਦੀ ਮਾਤਾ ਕਰਤਾਰ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਝੰਡਾ ਬਰਦਾਰ ਬਣਦਿਆਂ ਜਿਥੇ ਖੁਦ ਟੀਕਾਕਰਨ ਕਰਵਾਇਆ ਹੈ ਉਥੇ ਹੀ ਉਸ ਦੇ 80 ਸਾਲਾਂ ਦੇ ਪੁੱਤਰ ਅਤੇ ਪੂਰੇ ਪਰਿਵਾਰ ਨੇ ਵੀ ਲੋਕਾਂ ਵਿਚ ਜਾਗਰੂਕਤਾ ਦਾ ਸੁਨੇਹਾ ਦਿੱਤਾ ਹੈ।

ਮਾਤਾ ਕਰਤਾਰ ਕੌਰ ਭਾਵੇਂਕਿ ਪਿੰਡ ਭਿੰਡਰ ਖੁਰਦ ਨਾਲ ਸਬੰਧ ਰੱਖਦੀ ਹੈ ਪਰ ਹੁਣ ਉਹ ਆਪਣੇ ਪੁੱਤਰ ਹਰਵਿੰਦਰ ਸਿੰਘ ਕੋਲ ਮੋਗਾ ਵਿਖੇ ਰਹਿ ਰਹੀ ਹੈ। ਬੀਤੇ ਦਿਨੀਂ ਮਾਤਾ ਨੇ ਆਪਣੇ ਪਰਿਵਾਰ ਸਮੇਤ ਵਾਰਡ ਨੰਬਰ 3 ਵਿੱਚ ਲੱਗੇ ਕੈਂਪ ਵਿੱਚ ਟੀਕਾਕਰਨ ਕਰਵਾਇਆ। ਇਹ ਕੈਂਪ ਉਹਨਾਂ ਦੀ ਦੋਹਤੇ ਅਤੇ ਸਾਬਕਾ ਕੌਂਸਲਰ ਸ੍ਰ ਮਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 188 ਤੋਂ ਵਧੇਰੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਮੌਜੂਦਾ ਸਮੇਂ ਸ੍ਰ ਮਨਜੀਤ ਸਿੰਘ ਮਾਨ ਦੀ ਪਤਨੀ ਅਮਨਪ੍ਰੀਤ ਕੌਰ ਮਾਨ ਵਾਰਡ ਨੰਬਰ 3 ਦੀ ਕੌਂਸਲਰ ਹੈ।
ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਕਰਤਾਰ ਕੌਰ ਨੇ ਆਪਣੀ ਇੱਛਾ ਅਤੇ ਦ੍ਰਿੜ੍ਹ ਸ਼ਕਤੀ ਦੇ ਬਲ ਉੱਤੇ ਟੀਕਾਕਰਨ ਕਰਵਾਇਆ ਹੈ। ਉਹਨਾਂ ਨੂੰ ਕਿਸੇ ਨੇ ਵੀ ਦਬਾਅ ਨਹੀਂ ਪਾਇਆ ਸੀ। ਮਾਤਾ ਕਰਤਾਰ ਕੌਰ ਦੀ ਇਹ ਸੋਚ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਟੀਕਾਕਰਨ ਕਰਾਉਣਾ ਲਾਜ਼ਮੀ ਹੈ। ਮਾਤਾ ਕਰਤਾਰ ਕੌਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਹਲੇ ਕੁਝ ਲੋਕਾਂ ਦੀ ਟੀਕੇ ਲਈ ਵਾਰੀ ਨਹੀਂ ਵੀ ਆਈ ਹੈ ਤਾਂ ਉਹਨਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਨਾ ਤਾਂ ਬੁਖ਼ਾਰ ਹੋਇਆ ਅਤੇ ਨਾ ਹੀ ਕੋਈ ਹੋਰ ਸਮੱਸਿਆ ਪੇਸ਼ ਆਈ ਹੈ। ਉਹਨਾਂ ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਨੂੰ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਦਾ ਕੋਈ ਡਰ ਹੀ ਨਹੀਂ ਹੈ।

ਮਾਤਾ ਕਰਤਾਰ ਕੌਰ ਦੇ ਇਸ ਜਜ਼ਬੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਤਰ੍ਹਾਂ ਦੇ ਭਰਮ ਭੁਲੇਖੇ ਨੂੰ ਪਾਸੇ ਉੱਤੇ ਰੱਖ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਾਉਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਇਹ ਟੀਕਾਕਰਨ ਸਿਵਲ ਹਸਪਤਾਲ ਮੋਗਾ, ਸਾਰੀਆਂ ਸੀ ਐੱਚ ਸੀਜ਼, 91 ਹੈਲਥ ਵੈਲਨੈਸ ਸੈਂਟਰਾਂ ਵਿੱਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਜਿਹਨਾਂ ਦਾ ਲੋਕਾਂ ਨੂੰ ਭਾਰੀ ਲਾਭ ਲੈਣਾ ਚਾਹੀਦਾ ਹੈ।
Published by: Gurwinder Singh
First published: April 11, 2021, 4:29 PM IST
ਹੋਰ ਪੜ੍ਹੋ
ਅਗਲੀ ਖ਼ਬਰ