ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਰਹਿਣ ਵਾਲੇ ਰੇਹੜੀ ਚਾਲਕ ਨੂੰ 55460 ਰੁਪਏ ਦਾ ਬਿਜਲੀ ਦਾ ਬਿੱਲ ਆਇਆ ਹੈ। ਇੰਨਾ ਵੱਡਾ ਬਿਜਲੀ ਦਾ ਬਿੱਲ ਦੇਖ ਕੇ ਪੂਰਾ ਪਰਿਵਾਰ ਸਦਮੇ ਵਿਚ ਹੈ। ਮੀਟਰ ਦਾ ਲੋਡ ਸਿਰਫ 1 ਕਿਲੋਵਾਟ ਹੈ ਪਰ ਬਿੱਲ 55460 ਰੁਪਏ ਆ ਗਿਆ ਹੈ।
ਇਕ ਕਮਰੇ ਦੇ ਛੋਟੇ ਜਿਹੇ ਘਰ 'ਚ ਰਹਿ ਰਿਹਾ ਪਰਿਵਾਰ ਸਰਕਾਰ ਨੂੰ ਅੱਗੇ ਦੁਹਾਈ ਪਾ ਰਿਹਾ ਹੈ। ਪਰਿਵਾਰ ਮੁਤਾਬਕ ਨਾ ਤਾਂ ਘਰ ਵਿੱਚ ਏਸੀ ਹੈ, ਨਾ ਹੀ ਕੋਈ ਹੀਟਰ ਅਤੇ ਨਾ ਸਬਮਰਸੀਬਲ ਮੋਟਰ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਬਿਜਲੀ ਮੁਆਫ਼ ਕਰਨ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਗਰੀਬ ਮਜ਼ਦੂਰਾਂ ਨੂੰ ਇੰਨੇ ਵੱਡੇ ਬਿੱਲ ਆ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦੇ ਹਲਕਾ ਇੰਚਾਰਜ ਵਿਨਜੀਤ ਗੋਲਡੀ ਪੀੜਤ ਪਰਿਵਾਰ ਦੇ ਘਰ ਪਹੁੰਚੇ ਤੇ ਸਰਕਾਰ ਦੀ ਨੀਅਤ ਉਤੇ ਸਵਾਲ ਚੁੱਕੇ। ਪੀੜਤ ਲਾਲ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਰੇਹੜੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਸਿਰਫ ਇੱਕ ਕਮਰੇ ਦਾ ਛੋਟਾ ਜਿਹਾ ਘਰ ਹੈ। ਉਸ ਨੇ ਦੱਸਿਆ ਕਿ ਮੈਂ ਕੰਮ 'ਤੇ ਸੀ ਜਦੋਂ ਮੈਨੂੰ ਘਰੋਂ ਪਤਾ ਲੱਗਾ ਕਿ ਇੰਨਾ ਵੱਡਾ ਬਿਜਲੀ ਦਾ ਬਿੱਲ ਆਇਆ ਹੈ ਤਾਂ ਮੇਰੀ ਤਬੀਅਤ ਖਰਾਬ ਹੋ ਗਈ।
ਇਸ ਮਾਮਲੇ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਐਸ.ਡੀ.ਓ ਮਹਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦਾ ਖਾਤਾ ਚੈੱਕ ਕੀਤਾ ਹੈ, ਜੋ ਪਹਿਲਾਂ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਦਾ ਬਿਜਲੀ ਬਿੱਲ ਮੁਆਫ਼ ਕੀਤਾ ਗਿਆ ਸੀ, ਹੁਣ ਕਿਸੇ ਕਾਰਨ ਇਹ ਮੁੜ ਲੱਗ ਕੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੁਨੈਕਸ਼ਨ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ, ਜੇਕਰ ਕੋਈ ਗਲਤੀ ਪਾਈ ਗਈ ਤਾਂ ਉਸ ਨੂੰ ਠੀਕ ਕਰਕੇ ਦੁਬਾਰਾ ਬਿੱਲ ਦਿੱਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Electricity, Electricity Bill