Home /News /punjab /

ਲੌਕਡਾਊਨ ਤੇ ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਵਿਚ ਸ਼ਰਾਬ ਦੇ ਠੇਕੇਦਾਰਾਂ ਤੇ ਹੋਰਨਾਂ ਖਿਲਾਫ਼ 9 ਮੁਕੱਦਮੇ ਦਰਜ

ਲੌਕਡਾਊਨ ਤੇ ਕਰਫ਼ਿਊ ਦੀ ਉਲੰਘਣਾ ਦੇ ਦੋਸ਼ ਵਿਚ ਸ਼ਰਾਬ ਦੇ ਠੇਕੇਦਾਰਾਂ ਤੇ ਹੋਰਨਾਂ ਖਿਲਾਫ਼ 9 ਮੁਕੱਦਮੇ ਦਰਜ

  • Share this:

ਸ਼ੈਲੇਸ਼ ਕੁਮਾਰ

ਨਵਾਂਸ਼ਹਿਰ : ਜ਼ਿਲ੍ਹ ਵਿਚ ਲੌਕਡਾਊਨ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸ਼ਰਾਬ ਦੇ ਠੇਕੇਦਾਰਾਂ ਅਤੇ ਹੋਰਨਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ 9 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਮਾਸਕ ਵਾਲੇ 733 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਉਣ ਤੋਂ ਇਲਾਵਾ 4 ਵਿਅਕਤੀਆਂ ਖਿਲਾਫ਼ ਪਰਚੇ ਅਤੇ 60 ਚਲਾਨ ਕੀਤੇ ਗਏ ਹਨ।

ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਲੌਕਡਾਊਨ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਸ਼ਰਾਬ ਦੇ ਠੇਕੇਦਾਰ, ਜੋ ਕਿ ਸ਼ਟਰ ਬੰਦ ਕਰ ਕੇ ਚੋਰ ਮੋਰੀ ਰਾਹੀਂ ਸ਼ਰਾਬ ਵੇਚ ਰਹੇ ਸਨ, ਖਿਲਾਫ਼ ਮੁੱਖ ਅਫ਼ਸਰ ਥਾਣਾ ਮੁਕੰਦਪੁਰ ਵੱਲੋਂ ਪਿੰਡ ਸਰਹਾਲ ਕਾਜੀਆਂ ਵਿਖੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਨਰਿੰਦਰ ਸਿੰਘ ਵਾਸੀ ਚੰਦੀਆਣੀ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮੁੱਖ ਅਫ਼ਸਰ ਥਾਣਾ ਸਿਟੀ ਨਵਾਂਸ਼ਹਿਰ ਵੱਲੋਂ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਬਲਜੀਤ ਸਿੰਘ ਠੇਕੇਦਾਰ (ਮਾਲਕ) ਅਤੇ ਇਕ ਨਾਮਲੂਮ ਵਿਅਕਤੀ ਖਿਲਾਫ਼, ਚੰਡੀਗੜ੍ਹ ਰੋਡ ’ਤੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਠੇਕੇਦਾਰ ਅਨੂਪ ਕੁਮਾਰ ਵਾਸੀ ਨਵਾਂਸ਼ਹਿਰ ਅਤੇ ਚੰਡੀਗੜ੍ਹ ਚੌਕ ਵਿਖੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਨਰਿੰਦਰ ਕੁਮਾਰ ਪੁੱਤਰ ਸ਼ਿਵ ਰਾਮ ਵਾਸੀ ਨਵਾਂਸ਼ਹਿਰ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੌਕਡਾਊਨ ਦੌਰਾਨ ਕੁਲਾਮ ਰੋਡ ਨਵਾਂਸ਼ਹਿਰ ਵਿਖੇ ਲੱਕੜ ਦੀ ਦੁਕਾਨ ਖੋਲਣ ਵਾਲੇ ਧਰਮਿੰਦਰ ਕੁਮਾਰ ਵਾਸੀ ਨਵਾਂਸ਼ਹਿਰ ਅਤੇ ਥਾਣਾ ਸਿਟੀ ਬਲਾਚੌਰ ਵਿਖੇ ਹੇਅਰ ਡਰੈਸਰ ਦੀ ਦੁਕਾਨ ਖੋਲਣ ਵਾਲੇ ਸੋਹਣ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਸੋਨੂੰ ਪੁੱਤਰ ਚੰਦਰ ਮੋਹਣ ਵਾਸੀ ਬਲਾਚੌਰ ਦੇ ਖਿਲਾਫ਼ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਰਾਹੋਂ ਦੇ ਏਰੀਏ ਵਿਚ ਬਣੇ ਕਿਲਾ ਬਹਾਦਰਗੜ੍ਹ (ਜਥੇਦਾਰ ਫਾਰਮ ਐਂਡ ਰਿਜ਼ਾਰਟ) ਨਾਂਅ ਦਾ ਫਾਰਮ ਹਾਊਸ ਪਬਲਿਕ ਲਈ ਖੁੱਲਾ ਸੀ, ਜਿਸ ’ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਰਿਜ਼ਾਰਟ ਦੇ ਮਾਲਕ ਬਹਾਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਹੋਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੱਜ ਪੁਲਿਸ ਵੱਲੋਂ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 733  ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 60 ਵਿਅਕਤੀਆਂ ਦੇ ਚਲਾਨ ਅਤੇ 4 ਪਰਚੇ ਕੀਤੇ ਗਏ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਲੌਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Published by:Gurwinder Singh
First published:

Tags: Coronavirus, Lockdown