• Home
  • »
  • News
  • »
  • punjab
  • »
  • A DIFFERENT TONE THAN CAPTAIN PARTY DISCUSSION AFTER THE STATEMENT ON JALLIANWALA BAGH AND KISAN ANDOLAN

ਕੈਪਟਨ ਦੇ ਪਾਰਟੀ ਨਾਲੋਂ ਵੱਖਰੇ ਸੁਰ! ਜਲ੍ਹਿਆਂਵਾਲੇ ਬਾਗ ਤੇ ਕਿਸਾਨ ਅੰਦੋਲਨ ਬਾਰੇ ਬਿਆਨ ਪਿੱਛੋਂ ਛਿੜੀ ਚਰਚਾ

ਹਾਲਾਂਕਿ ਕੈਪਟਨ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਦੀ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਕੁਝ ਲੋਕਾਂ ਨੇ ਜਾਣਬੁੱਝ ਕੇ ਉਨ੍ਹਾਂ ਦੇ ਬਿਆਨ ਨੂੰ ਸਿਆਸੀ ਮੋੜ ਦੇ ਦਿੱਤਾ ਹੈ।

ਕੈਪਟਨ ਦੇ ਪਾਰਟੀ ਨਾਲੋਂ ਵੱਖਰੇ ਸੁਰ! ਜਲ੍ਹਿਆਂਵਾਲੇ ਬਾਗ ਤੇ ਕਿਸਾਨ ਅੰਦੋਲਨ ਬਾਰੇ ਬਿਆਨ ਪਿੱਛੋਂ ਛਿੜੀ ਚਰਚਾ (ਫਾਇਲ ਫੋਟੋ)

  • Share this:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਆਰਥਿਕ ਨੁਕਸਾਨ ਦਾ ਵਾਸਤਾ ਪਾ ਕੇ ਅੰਦੋਲਨ ਦਾ ਰਾਹ ਦਿੱਲੀ ਵੱਲ ਮੋੜਨ ਦੇ ਬਿਆਨ ਪਿੱਛੋਂ ਨਵੀਂ ਚਰਚਾ ਛਿੜ ਗਈ ਹੈ। ਸਵਾਲ ਉਠ ਰਹੇ ਕਿ ਕੀ ਕੈਪਟਨ ਦੀ ਕਿਸਾਨ ਸੰਘਰਸ਼ ਤੇ ਹੋਰ ਮਸਲਿਆਂ ਉਤੇ ਆਪਣੀ ਪਾਰਟੀ ਨਾਲੋਂ ਵੱਖਰੀ ਸੋਚ/ ਰਣਨੀਤੀ। ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖੁਦ ਕਿਸਾਨਾਂ ਦੇ ਹੱਕ ਵਿਚ ਸੂਬੇ ਵਿਚ ਟਰੈਕਟਰ ਮਾਰਚ ਕਰ ਚੁੱਕੇ ਹਨ।

ਉਹ ਨਿੱਤ ਕਿਸਾਨਾਂ ਦੀ ਹਮਾਇਤ ਵਿਚ ਬਿਆਨ ਦਿੰਦੇ ਹਨ। ਇਥੋਂ ਤੱਕ ਕਿ ਪਾਰਟੀ ਵੱਲੋਂ ਕਿਸਾਨਾਂ ਦੀ ਹਮਾਇਤ ਵਿਚ ਖੜ੍ਹਨ ਦਾ ਹੁਕਮ ਆਇਆ ਹੋਇਆ ਹੈ। ਉਂਜ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕੈਪਟਨ ਦੇ ਪਾਰਟੀ ਤੋਂ ਵੱਖਰੇ ਸੁਰ ਸਾਹਮਣੇ ਆਏ ਹੋਣ। ਇਸ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਬਾਰੇ ਵੀ ਕੈਪਟਨ ਨੇ ਰਾਹੁਲ ਗਾਂਧੀ ਤੋਂ ਉਲਟ ਬਿਆਨ ਦਿੱਤਾ ਸੀ।

ਰਾਹੁਲ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ ਸੀ ਪਰ ਕੈਪਟਨ ਨੇ ਆਖ ਦਿੱਤਾ ਕਿ ਇਹ 'ਬੜਾ ਚੰਗਾ ਕੰਮ ਹੋਇਐ'। ਕੈਪਟਨ ਅਮਰਿੰਦਰ ਸਿੰਘ ਜਲ੍ਹਿਆਂਵਾਲੇ ਬਾਗ ਦੇ ਵਰਚੁਅਲ ਉਦਘਾਟਨ ਵਿਚ ਵੀ ਸ਼ਾਮਲ ਹੋਏ ਸਨ। ਉਨ੍ਹਾਂ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਉਨ੍ਹਾਂ ਨੂੰ ਜਲ੍ਹਿਆਂਵਾਲੇ ਬਾਗ ਨਵਾਂ ਰੂਪ ਬੜਾ ਪਸੰਦ ਆਇਆ ਹੈ।

ਹੁਣ ਕੈਪਟਨ ਨੇ ਬੀਤੇ ਦਿਨ ਬਿਆਨ ਦੇ ਦਿੱਤਾ ਕਿ ਪੰਜਾਬ ਵਿਚ ਲੱਗੇ ਧਰਨਿਆਂ ਕਾਰਨ ਸੂਬੇ ਨੂੰ ਆਰਿਥਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਅੰਦੋਲਨ ਦਾ ਮੂੰਹ ਪੂਰੀ ਤਰ੍ਹਾਂ ਦਿੱਲੀ ਵੱਲ ਕਰ ਦੇਣਾ ਚਾਹੀਦਾ ਹੈ।  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਇੱਕ ਪ੍ਰੋਗਰਾਮ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ 113 ਥਾਵਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ, ਜਿਸ ਨਾਲ ਸੂਬੇ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਜੇ ਕਿਸਾਨ ਧਰਨਾ ਦੇਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਹ ਹਰਿਆਣਾ ਜਾਂ ਦਿੱਲੀ ਵਿੱਚ ਦੇਣਾ ਚਾਹੀਦਾ ਹੈ, ਹਾਲਾਂਕਿ ਕੈਪਟਨ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਦੀ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ। ਕੁਝ ਲੋਕਾਂ ਨੇ ਜਾਣਬੁੱਝ ਕੇ ਉਨ੍ਹਾਂ ਦੇ ਬਿਆਨ ਨੂੰ ਸਿਆਸੀ ਮੋੜ ਦੇ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਕਈ ਰਾਜਾਂ ਦੇ ਕਿਸਾਨ ਲਗਭਗ 10 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਵੱਖ -ਵੱਖ ਸਰਹੱਦਾਂ 'ਤੇ ਧਰਨੇ' ਤੇ ਬੈਠੇ ਹਨ।

ਇਸ ਸੰਘਰਸ਼ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਤੇ ਪੂਰੇ ਮੁਲਕ ਵਿਚ ਫੈਲ ਰਿਹਾ ਹੈ। ਉਧਰ, ਇਸ ਬਿਆਨ ਪਿੱਛੋਂ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਕੈਪਟਨ ਨੂੰ ਸਵਾਲ ਕਰ ਰਹੀਆਂ ਹਨ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਦਾ ਕਰਾਰਾ ਜਵਾਬ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕੈਪਟਨ ਦੇ ਬਿਆਨ ਨੂੰ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਹਿੱਸਾ ਦੱਸਿਆ। ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ।

ਟਿਕੈਤ ਨੇ ਕਿਹਾ ਕਿ ਜੇਕਰ ਕਿਸੇ 'ਤੇ ਕੋਈ ਅੱਤਿਆਚਾਰ ਹੁੰਦਾ ਹੈ ਤਾਂ ਵਿਰੋਧੀ ਧਿਰ ਨੂੰ ਇਸ ਦੇ ਵਿਰੁੱਧ ਅੰਦੋਲਨ ਦਾ ਹਿੱਸਾ ਹੋਣਾ ਚਾਹੀਦਾ ਹੈ। ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ, ਇਹ ਅੰਦੋਲਨਾਂ ਦੇ ਨਾਲ ਰਹਿੰਦੀ ਸੀ। ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਵਿੱਚ ਕਿਸਾਨਾਂ ਦੇ ਅੰਦੋਲਨ ਨਾਲ ਕੋਈ ਸਮੱਸਿਆ ਹੈ, ਤਾਂ ਉਹ ਪੰਜਾਬ ਦੇ ਜੱਥੇਬੰਦੀਆਂ ਨਾਲ ਗੱਲਬਾਤ ਕਰ ਸਕਦੇ ਹਨ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਭਾਜਪਾ 'ਤੇ ਚੁਟਕੀ ਲਈ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਸਾਨੂੰ ਸਮਰਥਨ ਨਹੀਂ ਦੇ ਰਹੀ। ਭਾਜਪਾ ਕਹਿ ਰਹੀ ਸੀ ਕਿ ਕਿਸਾਨਾਂ ਦਾ ਅੰਦੋਲਨ ਕਾਂਗਰਸ ਚਲਾ ਰਹੀ ਹੈ। ਹੁਣ ਕੈਪਟਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਕਿਸਾਨ ਹੀ ਚਲਾ ਰਹੇ ਹਨ।
Published by:Gurwinder Singh
First published:
Advertisement
Advertisement