ਮਰਹੂਮ ਪੰਜਾਬੀ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਜਨਾਬ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਇਆ। ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਲੋਕਾਂ ਨੇ ਫੁੱਲਂ ਦੀ ਵਰਖਾਂ ਵੀ ਕੀਤੀ। ਸਿਕੰਦਰ ਦੀ ਅਲਵਿਦਾ ਯਾਤਰਾ 'ਚ ਹਰਭਜਨ ਮਾਨ, ਬੱਬੂ ਮਾਨ, ਜਸਬੀਰ ਜੱਸੀ, ਪੰਮੀ ਬਾਈ, ਸਰਦਾਰ ਅਲੀ, ਕਮਲ ਖਾਨ, ਬਾਈ ਜੀ ਕੁਟੀਆ ਵਾਲੇ, ਬਲਵੀਰ ਰਾਏ, ਹਰਸਿਮਰਨ ਹਨੀ, ਹੁਸ਼ਿਆਰ ਮਾਹੀ, ਹਰਜੀਤ ਰਾਣੋਂ ਆਦਿ ਸਮੇਤ ਵੱਡੀ ਗਿਣਤੀ 'ਚ ਪੰਜਾਬੀ ਕਲਾਕਾਰ ਪਹੁੰਚੇ ਹਨ। ਉਨ੍ਹਾਂ ਦੀ ਦੇਹ ਨੂੰ ਜੱਦੀ ਪਿੰਡ ਖੇੜੀ ਨੌਧ ਸਿੰਘ ਨੇੜੇ ਖੰਨਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।
ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਗੁਰਦਾਸ ਮਾਨ ਪਿੰਡ ਖੇੜੀ ਨੌਧ ਸਿੰਘ ਪਹੁੰਚੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਵੰਡਾਇਆ। ਇਸ ਮੌਕੇ ਭਗਵੰਤ ਮਾਨ ਵੀ ਅੰਤਿਮ ਰਸਮਾਂ 'ਚ ਸ਼ਾਮਲ ਹੋਏ।
ਬੀਤੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ ਸਰਦੂਲ ਸਿਕੰਦਰ(60) ਨੇ ਸਵੇਰੇ ਕਰੀਬ 11:55 ਵਜੇ ਆਖਰੀ ਸਾਹ ਲਏ। ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰਸਿੱਧ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਅਤੇ ਉਨ੍ਹਾਂ ਦੇ ਬੇਟੇ ਸਾਰੰਗ ਅਤੇ ਅਲਾਪ ਤੋਂ ਇਲਾਵਾ ਗਾਇਕ ਬਲਵੀਰ ਰਾਏ ਖੰਨਾ ਵੀ ਕੋਲ ਸਨ। ਸਰਦੂਲ ਸਿਕੰਦਰ ਦੀ ਦੇਹ ਖੰਨਾ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪੁੱਜੀ, ਜਿੱਥੇ ਅਫ਼ਸੋਸ ਕਰਨ ਵਾਲੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ।
ਸਰਦੂਲ ਸਿਕੰਦਰ ਪਿਛਲੇ ਕੁਝ ਮਹੀਨਿਆਂ ਤੋਂ ਸ਼ੂਗਰ ਅਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਕਰੀਬ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ। ਦਸੰਬਰ ਮਹੀਨੇ 'ਚ ਕੋਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਨੂੰ ਛਾਤੀ ਵਿਚ ਇਨਫੈਕਸ਼ਨ ਅਤੇ ਕਿਡਨੀ ਦੀ ਸਮੱਸਿਆ ਸੀ। ਸਿਹਤ 'ਚ ਸੁਧਾਰ ਹੋਣ 'ਤੇ ਉਨ੍ਹਾਂ ਸਿੰਘੂ ਬਾਰਡਰ ਵਿਖੇ ਕਿਸਾਨੀ ਸੰਘਰਸ਼ 'ਚ ਸ਼ਾਮਿਲ ਹੁੰਦੇ ਹੋਏ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਪਰ ਹਾਲਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੜ ਹਸਪਤਾਲ ਦਾਖ਼ਲ ਹੋਣਾ ਪਿਆ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjabi singer, Sardool sikandar